PM ਮੋਦੀ ਅੱਜ ਯੂ. ਪੀ. ਵਾਸੀਆਂ ਨੂੰ ਦੇਣਗੇ ਸੌਗਾਤ, ਸਭ ਤੋਂ ਲੰਬੇ ‘ਗੰਗਾ-ਐਕਸਪ੍ਰੈੱਸ ਵੇਅ ਦਾ ਰੱਖਣਗੇ ਨੀਂਹ ਪੱਥਰ
Saturday, Dec 18, 2021 - 12:22 PM (IST)
![PM ਮੋਦੀ ਅੱਜ ਯੂ. ਪੀ. ਵਾਸੀਆਂ ਨੂੰ ਦੇਣਗੇ ਸੌਗਾਤ, ਸਭ ਤੋਂ ਲੰਬੇ ‘ਗੰਗਾ-ਐਕਸਪ੍ਰੈੱਸ ਵੇਅ ਦਾ ਰੱਖਣਗੇ ਨੀਂਹ ਪੱਥਰ](https://static.jagbani.com/multimedia/2021_12image_12_22_316021059modi.jpg)
ਲਖਨਊ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਗੰਗਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਣਗੇ। ਕਰੀਬ 594 ਕਿਲੋਮੀਟਰ ਲੰਬਾ ਅਤੇ 6 ਲੇਨ ਦਾ ਇਹ ਐਕਸਪ੍ਰੈੱਸ ਵੇਅ 36,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਐਕਸਪ੍ਰੈੱਸ ਵੇਅ ਸੂਬੇ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜਨ ਵਾਲਾ, ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸ ਵੇਅ ਬਣੇਗਾ। ਇਸ ਦਾ ਫਾਇਦਾ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਤੋਂ ਇਲਾਵਾ ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਸਮੇਤ ਕਈ ਸੂਬਿਆਂ ਨੂੰ ਮਿਲੇਗਾ।
ਪੂਰਬੀ ਯੂ. ਪੀ. ਤੋਂ ਲੈ ਕੇ ਪੱਛਮੀ ਯੂ. ਪੀ. ਦੇ 12 ਜ਼ਿਲ੍ਹਿਆਂ ਤੋਂ ਲੰਘਣ ਵਾਲੇ ਇਸ ਐਕਸਪ੍ਰੈੱਸ ਵੇਅ ਦੇ ਕੰਢੇ ਉਦਯੋਗਿਕ ਕਾਰੀਡੋਰ ਤੋਂ ਲੈ ਕੇ ਹੋਰ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਪਿਛਲੇ ਸਾਲ 26 ਨਵੰਬਰ ਨੂੰ ਗੰਗਾ ਐਕਸਪ੍ਰੈੱਸ ਵੇਅ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਵਾਤਾਵਰਣ ਦੀ ਸੁਰੱਖਿਆ ਲਈ ਐਕਸਪ੍ਰੈੱਸ ਵੇਅ ਦੇ ਕੰਢੇ ਕਰੀਬ 18,55,000 ਬੂਟੇ ਲਾਏ ਜਾਣਗੇ। ਗੰਗਾ ਐਕਸਪ੍ਰੈੱਸ ਵੇਅ ਪੱਛਮੀ ਯੂ. ਪੀ. ਦੇ ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ ਅਤੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਲੰਘ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ 9 ਜਨ ਸੁਵਿਧਾ ਕੇਂਦਰ, 7 ਰੇਲਵੇ ਓਵਰ ਬਿ੍ਰਜ, 14 ਲੰਬੇ ਸੇਤੂ, 126 ਛੋਟੇ ਸੇਤੂ ਅਤੇ 381 ਅੰਡਰਪਾਸ ਬਣਾਏ ਜਾਣਗੇ।