ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ
Saturday, Jul 04, 2020 - 01:01 PM (IST)
ਨਵੀਂ ਦਿੱਲੀ/ਲੇਹ— ਇਨ੍ਹੀਂ ਦਿਨੀਂ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਵਿਚਾਲੇ ਖਿੱਚੋਤਾਣ ਵਾਲਾ ਮਾਹੌਲ ਬਣਿਆ ਹੋਇਆ ਹੈ। ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ 15 ਜੂਨ 2020 ਨੂੰ ਚੀਨੀ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ 'ਤੇ ਪੱਥਰਾਂ ਅਤੇ ਰਾਡ ਨਾਲ ਹਮਲਾ ਕੀਤਾ, ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਅਤੇ ਕੁਝ ਜ਼ਖਮੀ ਵੀ ਹੋਏ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਭਾਵ 3 ਜੁਲਾਈ ਨੂੰ ਲੱਦਾਖ ਦੌਰੇ 'ਤੇ ਪੁੱਜੇ। ਮੋਦੀ ਨੇ ਲੱਦਾਖ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਇੱਥੇ ਨਾ ਸਿਰਫ ਜਵਾਨਾਂ ਦਾ ਹੌਂਸਲਾ ਵਧਾਇਆ ਸਗੋਂ ਕਿ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ 'ਚ ਜ਼ਖਮੀ ਹੋਏ ਜਵਾਨਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਜਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ ਸ਼ੁੱਕਰਵਾਰ ਦੀ ਹੈ ਤਾਂ ਦੂਜੀ 21 ਸਾਲ ਪੁਰਾਣੀ ਕਾਰਗਿਲ ਯੁੱਧ ਦੌਰਾਨ ਦੀ ਹੈ, ਜਦੋਂ ਪ੍ਰਧਾਨ ਮੰਤਰੀ ਜ਼ਖਮੀ ਫ਼ੌਜੀਆਂ ਦਾ ਹਾਲ-ਚਾਲ ਜਾਣਨ ਉੱਥੇ ਪਹੁੰਚੇ ਸਨ।
ਦਰਅਸਲ ਮੋਦੀ ਦੇ ਲੱਦਾਖ ਦੌਰੇ ਤੋਂ ਬਾਅਦ ਸੂਰਤ ਤੋਂ ਵਿਧਾਇਕ ਅਤੇ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਉੱਪ ਪ੍ਰਧਾਨ ਹਰਸ਼ ਸਾਂਘਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਹ ਦੋਵੇਂ ਤਸਵੀਰਾਂ ਟਵੀਟ ਕਰ ਦਿੱਤੀਆਂ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਨਿਰੰਤਰ ਵਚਨਬੱਧਤਾ' ਇਸ ਦੇ ਨਾਲ ਹੀ ਉਨ੍ਹਾਂ ਨੇ ਦੋਹਾਂ ਤਸਵੀਰਾਂ ਬਾਰੇ (1999 ਕਾਰਗਿਲ, 2020 ਲੇਹ) ਲਿਖਿਆ ਹੈ।
ਦੱਸਣਯੋਗ ਹੈ ਕਿ ਸਾਲ 1999 'ਚ ਜਦੋਂ ਮੋਦੀ ਕਾਰਗਿਲ ਯੁੱਧ ਦੌਰਾਨ ਫ਼ੌਜੀਆਂ ਨੂੰ ਮਿਲਣ ਪੁੱਜੇ ਸਨ, ਤਾਂ ਉਹ ਸਰਕਾਰ ਵਿਚ ਕਿਸੇ ਅਹੁਦੇ 'ਤੇ ਨਹੀਂ ਸਨ। ਉਸ ਸਮੇਂ ਮੋਦੀ ਇਕ ਪਾਰਟੀ ਵਰਕਰ ਸਨ ਅਤੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਪਾਰਟੀ ਦਾ ਕੰਮ ਵੇਖ ਰਹੇ ਸਨ। ਬੀਤੇ ਸਾਲ 2019 'ਚ ਕਾਰਗਿਲ ਯੁੱਧ ਦੀ ਜਿੱਤ ਨੂੰ 20 ਸਾਲ ਪੂਰੇ ਹੋਣ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਉਦੋਂ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀਆਂ ਕੀਤੀਆਂ ਸਨ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਸੀ- 1999 ਵਿਚ ਕਾਰਗਿਲ ਯੁੱਧ ਦੌਰਾਨ ਮੈਨੂੰ ਕਾਰਗਿਲ ਜਾਣ ਦਾ ਅਤੇ ਵੀਰ ਜਵਾਨਾਂ ਨਾਲ ਇਕਜੁੱਟਤਾ ਦਿਖਾਉਣ ਦਾ ਮੌਕਾ ਮਿਲਿਆ ਸੀ। ਇਹ ਉਹ ਸਮਾਂ ਸੀ, ਜਦੋਂ ਮੈਂ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਪਾਰਟੀ ਲਈ ਕੰਮ ਕਰ ਰਿਹਾ ਸੀ। ਕਾਰਗਿਲ ਦਾ ਉਹ ਦੌਰਾ ਅਤੇ ਉਸ ਦੌਰਾਨ ਜਵਾਨਾਂ ਨਾਲ ਹੋਈ ਮੁਲਾਕਾਤ ਕਦੇ ਭੁੱਲਾ ਨਹੀਂ ਸਕਾਂਗਾ।