ਚੀਨ ਨੂੰ ਮਿਲੇਗੀ ਮਾਤ, ਹਿੰਦ ਮਹਾਸਾਗਰ ’ਚ ‘ਪ੍ਰਿਡੇਟਰ’ ਹੋਵੇਗਾ ਤਾਇਨਾਤ, ਭਾਰਤ ਨੂੰ ਅਮਰੀਕਾ ਤੋਂ ਮਿਲਣਗੇ 31 MQ-9 ਡਰੋਨ
Saturday, Jun 24, 2023 - 12:53 PM (IST)
ਨਵੀਂ ਦਿੱਲੀ– ਆਪਣੀ ਮਾਰਕ ਸਮਰੱਥਾ, ਢੁੱਕਵੇਂ ਨਿਸ਼ਾਨੇ ਅਤੇ ਸਟੇਲਥ ਟੈਕਨਾਲੋਜੀ ਦੇ ਜ਼ੋਰ ’ਤੇ ਦੁਨੀਆ ਵਿਚ ਤਹਿਲਕਾ ਮਚਾਉਣ ਵਾਲੇ ‘ਪ੍ਰਿਡੇਟਰ ਡਰੋਨ’ ਦੀ ਖਰੀਦ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਦਰਮਿਆਨ ਡੀਲ ਹੋ ਗਈ ਹੈ। ਇਸ ਤਹਿਤ ਭਾਰਤ ਅਮਰੀਕਾ ਤੋਂ 31 ਐੱਮ. ਕਿਊ.-9ਬੀ ਡਰੋਨ ਭਾਵ ਪ੍ਰਿਡੇਟਰ ਡਰੋਨ ਖਰੀਦੇਗਾ।
ਇਨ੍ਹਾਂ ਡਰੋਨਾਂ ਦੇ ਆਉਣ ਨਾਲ ਹੀ ਭਾਰਤੀ ਭੂ-ਭਾਗ ਤੋਂ ਲਗਭਗ 3 ਗੁਣਾ ਵੱਡੇ ਹਿੰਦ ਮਹਾਸਾਗਰ ਖੇਤਰ ਦੀ ਨਿਗਰਾਨੀ ਕਰਨ ਵਿਚ ਸਮੁੰਦਰੀ ਫੌਜ ਦੀ ਚੁਣੌਤੀ ਸੌਖੀ ਹੋ ਸਕੇਗੀ ਅਤੇ ਇਹ ਚੀਨ ਨੂੰ ਮਾਤ ਦੇਣ ਵਿਚ ਵੀ ਮਦਦਗਾਰ ਹੋਣਗੇ। ਇਸ ਡਰੋਨ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਸਾਲ ਲਾਈਨ ਆਫ ਐਕਚੁਅਲ ਕੰਟਰੋਲ (ਐੱਲ. ਏ. ਸੀ.) ’ਤੇ ਚੀਨ ਨਾਲ ਤਣਾਅ ਦੀ ਸਥਿਤੀ ਚੋਟੀ ’ਤੇ ਪੁੱਜਣ ਦੌਰਾਨ ਪ੍ਰਿਡੇਟਰ ਡਰੋਨ ਨੂੰ ਹੀ ਉਥੇ ਤਾਇਨਾਤ ਕੀਤਾ ਗਿਆ ਸੀ।
ਇਨ੍ਹਾਂ ਡਰੋਨਾਂ ਨੂੰ ਸਮੁੰਦਰੀ ਫੌਜ ਨੇ ਸਮੁੰਦਰੀ ਸਰਹੱਦਾਂ ਦੀ ਨਿਗਰਾਨੀ ਲਈ ਕਿਰਾਏ ’ਤੇ ਲੈ ਰੱਖਿਆ ਹੈ। ਭਾਰਤ-ਅਮਰੀਕਾ ਰੱਖਿਆ ਸੌਦੇ ਤਹਿਤ ਦੇਸ਼ ਨੂੰ ਮਿਲਣ ਵਾਲੇ 31 ਪ੍ਰਿਡੇਟਰ ਡਰੋਨਾਂ ਵਿਚੋਂ 8 ਜ਼ਮੀਨੀ ਫੌਜ ਨੂੰ ਅਤੇ 8 ਹਵਾਈ ਫੌਜ ਨੂੰ ਮਿਲਣਗੇ। ਉਥੇ ਹੀ ਸਮੁੰਦਰੀ ਫੌਜ ਨੂੰ ਲਗਭਗ ਦੁੱਗਣੇ ਭਾਵ 15 ਡਰੋਨ ਮਿਲਣਗੇ ਜੋ ਹਿੰਦ ਮਹਾਸਾਗਰ ਵਿਚ ਚੀਨ ਦੀਆਂ ਹਰਕਤਾਂ ’ਤੇ ਲਗਾਮ ਕੱਸਣ ਵਿਚ ਮਦਦ ਕਰਨਗੇ। ਫਿਲਹਾਲ ਸਮੁੰਦਰੀ ਫੌਜ ਕੋਲ ਜੋ ਡਰੋਨ ਹਨ, ਉਹ ਲੀਜ਼ ’ਤੇ ਲਏ ਗਏ ਹਨ। ਨਾਲ ਹੀ ਉਹ ਹਥਿਆਰਾਂ ਨਾਲ ਲੈਸ ਵੀ ਨਹੀਂ ਹਨ ਪਰ ਅਮਰੀਕਾ ਤੋਂ ਖਰੀਦੇ ਜਾਣ ਵਾਲੇ ਡਰੋਨ ਹਥਿਆਰ ਭਾਵ ਮਿਜ਼ਾਈਲ ਨਾਲ ਲੈਸ ਹੋਣਗੇ, ਜੋ ਸਮੁੰਦਰੀ ਖੇਤਰ ਦੀ ਨਿਗਰਾਨੀ ਕਰਨ ਨਾਲ ਲੋੜ ਪੈਣ ’ਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਬਰਬਾਦ ਕਰ ਸਕਣਗੇ।
ਹਿੰਦ ਮਹਾਸਾਗਰ ਦੀ ਨਿਗਰਾਨੀ ਕਰਨਾ ਵੱਡੀ ਚੁਣੌਤੀ ਹੈ। ਸਮੁੰਦਰੀ ਫੌਜ ਨੂੰ ਭਾਰਤ ਦੇ ਪੂਰਬੀ ਸਮੁੰਦਰੀ ਤੱਟ ਤੋਂ ਲਗਭਗ 5 ਹਜ਼ਾਰ ਕਿਲੋਮੀਟਰ ਤੱਕ ਅਤੇ ਪੱਛਮੀ ਤੱਟ ਤੋਂ ਲਗਭਗ 8 ਹਜ਼ਾਰ ਕਿਲੋਮੀਟਰ ਤੱਕ ਦੇ ਜਲ ਖੇਤਰ ਦੀ ਨਿਗਰਾਨੀ ਉਂਝ ਹੀ ਕਰਨੀ ਹੁੰਦੀ ਹੈ, ਜਿਵੇਂ ਜ਼ਮੀਨੀ ਸਰਹੱਦਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਹਿੰਦ ਮਹਾਸਾਗਰ ਖੇਤਰ ਤੋਂ ਹੀ ਭਾਰਤ ਦੀਆਂ ਊਰਜਾ ਲੋੜਾਂ ਨਾਲ ਹੋਰ ਕਮਰਸ਼ੀਅਲ ਸਾਮਾਨ ਦੇਸ਼ ਵਿਚ ਆਉਂਦਾ ਹੈ। ਦੂਜੇ ਦੇਸ਼ਾਂ ਦੀ ਲੋੜ ਦਾ ਸਾਮਾਨ ਵੀ ਇਥੋਂ ਹੋ ਕੇ ਜਾਂਦਾ ਹੈ।
ਚੀਨ ਦਾ ਲਗਭਗ ਸਾਰਾ ਵਪਾਰ ਇਸੇ ਰਸਤੇ ਤੋਂ ਹੁੰਦਾ ਹੈ। ਪ੍ਰਿਡੇਟਰ ਡਰੋਨ ਸੈਂਸਰ ਭਰਪੂਰ ਕੈਮਰਿਆਂ ਨਾਲ ਲੈਸ ਐੱਮ. ਕਿਊ.-9ਬੀ ਡਰੋਨ ਨੂੰ ਪ੍ਰਿਡੇਟਰ ਤੋਂ ਇਲਾਵਾ ਸਕਾਈ ਗਾਰਜੀਅਨ ਅਤੇ ਸੀ ਗਾਰਜੀਅਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਡਰੋਨ ਸੈਂਸਰ ਭਰਪੂਰ ਕੈਮਰਿਆਂ ਨਾਲ ਲੈਸ ਹਨ, ਜੋ ਆਪਣੇ ਦੁਸ਼ਮਣ ਦੇ ਜਹਾਜ਼ ਦੀ 3 ਕਿਲੋਮੀਟਰ ਦੂਰੀ ਤੋਂ ਹੀ ਤਸਵੀਰ ਲੈ ਸਕਦੇ ਹਨ। ਇਹ ਐੱਮ. ਕਿਊ.-9ਏ ਦਾ ਅਪਡੇਟਿਡ ਵਰਜਨ ਹੈ, ਜਿਸ ਨੂੰ ਅਮਰੀਕੀ ਕੰਪਨੀ ਜਨਰਲ ਐਟਾਮਿਕ ਏਅਰੋਨਾਟਿਕਲ ਨੇ ਬਣਾਇਆ ਹੈ।