PM ਮੋਦੀ ਨੇ ਗਣਤੰਤਰ ਦਿਵਸ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਅਲ-ਸੀਸੀ ਦਾ ਕੀਤਾ ਧੰਨਵਾਦ

Thursday, Jan 26, 2023 - 04:48 PM (IST)

PM ਮੋਦੀ ਨੇ ਗਣਤੰਤਰ ਦਿਵਸ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਅਲ-ਸੀਸੀ ਦਾ ਕੀਤਾ ਧੰਨਵਾਦ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 74ਵੇਂ ਗਣਤੰਤਰ ਦਿਵਸ ਮੌਕੇ ਕਰਤਵਯ ਪਥ 'ਤੇ ਆਯੋਜਿਤ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਿਹ ਅਲ ਸੀਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧ ਗਈ। ਮੋਦੀ ਨੇ ਇਕ ਟਵੀਟ 'ਚ ਕਿਹਾ,''ਮੈਂ ਰਾਸ਼ਟਰਪਤੀ ਅਬਦੁੱਲ ਫਤਿਹ ਅਲ ਸੀਸੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਆਪਣੀ ਮੌਜੂਦਗੀ ਨਾਲ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ।'' ਭਾਰਤ ਅੱਜ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਮੁੱਖ ਸਮਾਰੋਹ ਨਵੀਂ ਦਿੱਲੀ 'ਚ ਕਰਤਵਯ ਪਥ 'ਤੇ ਆਯੋਜਿਤ ਕੀਤਾ ਗਿਆ।

PunjabKesari

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਆਯੋਜਨਾਂ 'ਚ ਦੇਸ਼ ਦੀ ਅਗਵਾਈ ਕੀਤੀ। ਇਸ ਸਾਲ ਦੀ ਪਰੇਡ 'ਚ ਮੁੱਖ ਮਹਿਮਾਨ ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਿਹ ਅਲ ਸੀਸੀ ਸਨ। ਉਨ੍ਹਾਂ ਨੇ ਅੱਜ ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਅਤੇ ਕਈ ਨੇਤਾਵਾਂ ਨਾਲ ਕਰਤਵਯ ਪੱਥ 'ਤੇ ਗਣਤੰਤਰ ਦਿਵਸ ਪਰੇਡ ਦੇਖੀ। ਇਸ ਦੇ ਨਾਲ ਹੀ ਉਹ ਦੁਨੀਆ ਦੇ ਉਨ੍ਹਾਂ ਚੁਨਿੰਦਾ ਨੇਤਾਵਾਂ 'ਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਭਾਰਤ ਦਾ ਗਣਤੰਤਰ ਦਿਵਸ ਸਮਾਰੋਹ ਦੇਖਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਮਿਸਰ ਦੇ ਕਿਸੇ ਰਾਸ਼ਟਰਪਤੀ ਨੂੰ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਬਣਾਇਆ ਗਿਆ ਹੈ। ਅਲ ਸੀਸੀ ਮੰਗਲਵਾਰ ਨੂੰ ਭਾਰਤ ਯਾਤਰਾ 'ਤੇ ਆਏ ਅਤੇ ਬੁੱਧਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕੀਤੀ। ਭਾਰਤ ਦੇ ਗਣਤੰਤਰ ਦਿਵਸ ਸਮਾਰੋਹ 'ਤੇ ਹਰ ਸਾਲ ਵਿਸ਼ਵ ਦੇ ਕਿਸੇ ਦੇਸ਼ ਦੇ ਨੇਤਾ ਨੂੰ ਸੱਦਾ ਦਿੱਤਾ ਜਾਂਦਾ ਹੈ। ਕੋਰੋਨਾ ਮਹਾਮਾਰੀ ਕਾਰਨ ਸਾਲ 2021 ਅਤੇ 2022 'ਚ ਗਣਤੰਤਰ ਦਿਵਸ ਸਮਾਰੋਹ 'ਤੇ ਕੋਈ ਮੁੱਖ ਮਹਿਮਾਨ ਨਹੀਂ ਸੀ।


author

DIsha

Content Editor

Related News