ਪੀ.ਐੱਮ. ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦਾ ਜ਼ੋਰਦਾਰ ਹੰਗਾਮਾ, ਕੀਤੀ ਨਾਅਰੇਬਾਜ਼ੀ
Thursday, Aug 10, 2023 - 06:28 PM (IST)
ਨਵੀਂ ਦਿੱਲੀ- ਮਣੀਪੁਰ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਕੇਂਦਰ ਸਰਕਾਰ ਖਿਲਾਫ ਸੰਸਦ 'ਚ ਲਿਆਏ ਗਏ ਬੇਭਰੋਸਗੀ ਮਤੇ 'ਤੇ ਪੀ.ਐੱਮ. ਮੋਦੀ ਨੇ ਜਵਾਬ ਦਿੰਦੇ ਸਮੇਂ ਵਿਰੋਧੀ ਧਿਰ ਖ਼ਾਸਤੌਰ 'ਤੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ।
ਪੀ.ਐੱਮ. ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਧਿਰ ਨੇ ਪੀ.ਐੱਮ. ਮੋਦੀ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਨੇ ਪੀ.ਐੱਮ. ਦੇ ਭਾਸ਼ਣ ਦੌਰਾਨ 'ਵੀ ਵਾਂਟ ਮਣੀਪੁਰ' ਅਤੇ 'ਇੰਡੀਆ-ਇੰਡੀਆ' ਦੇ ਨਾਅਰੇ ਲਗਾਏ। ਵਿਰੋਧੀ ਧਿਰ ਦੇ ਹੰਗਾਮ ਦੇ ਬਾਵਜੂਦ ਪੀ.ਐੱਮ. ਮੋਦੀ ਨੇ ਆਪਣਾ ਭਾਸ਼ਣ ਜਾਰੀ ਰੱਖਿਆ।
ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸਦੇ ਦੋਸਤਾਂ ਨੂੰ ਦੇਸ਼ ਦੀ ਜਨਤਾ 'ਤੇ ਭਰੋਸਾ ਨਹੀਂ ਹੈ। ਵਿਰੋਧੀ ਧਿਰ ਪਾਕਿਸਤਾਨ ਦੀਆਂ ਗੱਲਾਂ 'ਤੇ ਭਰੋਸਾ ਕਰਦੀ ਸੀ। ਹਮਲੇ ਕਰਕੇ ਪਾਕਿਸਤਾਨ ਮੁਕਰ ਜਾਂਦਾ ਸੀ। ਕਾਂਗਰਸ ਨੂੰ ਹੁਰੀਅਤ 'ਤੇ ਭਰੋਸਾ ਹੈ। ਕਾਂਗਰਸ ਨੂੰ ਕਸ਼ਮੀਰ 'ਤੇ ਭਰੋਸਾ ਨਹੀਂ। ਕਾਂਗਰਸ 'ਤੇ ਹਮਲਾ ਬੋਲਦੇ ਹੋਏ ਪੀ.ਐੱਮ. ਨੇ ਕਿਹਾ ਕਿ ਕਾਂਗਰਸ ਘਮੰਡ 'ਚ ਚੂਰ ਹੋ ਗਈ ਹੈ। ਉਸਨੂੰ ਜ਼ਮੀਨ ਨਹੀਂ ਦਿਖਾਈ ਦਿੰਦੀ। ਇਨ੍ਹਾਂ ਨੂੰ ਦੱਸ ਦੇਵਾਂ ਕਿ ਬੰਗਾਲ, ਓਡੀਸ਼ਾ, ਨਾਗਾਲੈਂਡ, ਤਾਮਿਲਨਾਡੂ, ਯੂ.ਪੀ., ਬਿਹਾਰ ਅਤੇ ਕਈ ਹੋਰ ਸੂਬਿਆਂ ਨੂੰ ਕਾਂਗਰਸ 'ਤੇ ਵਿਸ਼ਵਾਸ ਨਹੀਂ ਹੈ।
ਆਪਣੇ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਲੋਕ ਸਭਾ 'ਚ ਵਿਰੋਧੀ ਨੇਤਾ ਅਧੀਰ ਰੰਜਨ ਚੌਧਰੀ ਨੂੰ ਵੀ ਲੰਬੇ ਹੱਥੀ ਲਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਅਧੀਰ ਬਾਬੂ ਨੂੰ ਪਤਾ ਹੈ ਕਿ ਗੁੜ ਦਾ ਗੋਬਰ ਕਿਵੇਂ ਕਰਨਾ ਹੈ। ਇਹ ਇਸ ਵਿਚ ਮਾਹਿਰ ਹਨ।