PM ਮੋਦੀ ਬੋਲੇ- 20ਵੀਂ ਸਦੀ ਦੇ ਨਾਲ 21ਵੀਂ ਸਦੀ ਦੀਆਂ ਸਹੂਲਤਾਂ ਵੀ ਮੁਹੱਈਆ ਕਰਾਂਵਾਂਗੇ

Thursday, Oct 13, 2022 - 01:31 PM (IST)

PM ਮੋਦੀ ਬੋਲੇ- 20ਵੀਂ ਸਦੀ ਦੇ ਨਾਲ 21ਵੀਂ ਸਦੀ ਦੀਆਂ ਸਹੂਲਤਾਂ ਵੀ ਮੁਹੱਈਆ ਕਰਾਂਵਾਂਗੇ

ਸ਼ਿਮਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਹਿਮਾਚਲ ਦੌਰੇ ’ਤੇ ਹਨ। ਉਨ੍ਹਾਂ ਇੱਥੇ ਊਨਾ ਜ਼ਿਲ੍ਹੇ ਦੇ ਇੰਦਰਾ ਗਾਂਧੀ ਸਟੇਡੀਅਮ ’ਚ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਪਿਛਲੀਆਂ ਸਰਕਾਰਾਂ ’ਤੇ ਲੋਕਾਂ ਨੂੰ ਉਹ ਸਹੂਲਤਾਂ ਨਾ ਦੇਣ ਦਾ ਦੋਸ਼ ਲਾਇਆ, ਜੋ ਦੁਨੀਆ ਦੇ ਹੋਰ ਦੇਸ਼ਾਂ ਦੇ ਲੋਕਾਂ ਨੂੰ 20ਵੀਂ ਸਦੀ ’ਚ ਅਤੇ ਗੁਜਰਾਤ ਦੇ ਲੋਕਾਂ ਨੂੰ ਕੁਝ ਸਾਲ ਪਹਿਲਾਂ ਤੋਂ ਹੀ ਉਪਲੱਬਧ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 20ਵੀਂ ਸਦੀ ਦੇ ਨਾਲ-ਨਾਲ 21ਵੀਂ ਸਦੀ ਦੀਆਂ ਸਹੂਲਤਾਂ ਵੀ ਹਿਮਾਚਲ ਦੇ ਘਰ-ਘਰ ਤੱਕ ਲੈ ਕੇ ਜਾਵਾਂਗੇ। ਹਿਮਾਚਲ ਦੀ ਜਨਤਾ ਹੁਣ ਹਰ ਚੋਣ ’ਚ ਵੱਖ-ਵੱਖ ਪਾਰਟੀਆਂ ਨੂੰ ਸੱਤਾ ’ਚ ਲਿਆਉਣ ਦੇ ਰੁਝਾਨ ਨੂੰ ਛੱਡ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਧਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਲਈ ਕਈ ਹਜ਼ਾਰ ਕਰੋੜ ਰੁਪਏ ਦੇ ਤੋਹਫ਼ਿਆਂ ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਊਨਾ ਤੋਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਵਿਖਾਈ। ਇਹ ਦੇਸ਼ ’ਚ ਸ਼ੁਰੂ ਕੀਤੀ ਗਈ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਹੈ ਅਤੇ ਪਹਿਲਾਂ ਦੀ ਤੁਲਨਾ ’ਚ ਇਕ ਅਪਗ੍ਰੇਡ ਸੰਸਕਰਣ ਹੈ, ਜੋ ਬਹੁਤ ਹਲਕੀ ਹੋਣ ਦੇ ਨਾਲ-ਨਾਲ ਘੱਟ ਸਮੇਂ ’ਚ ਤੇਜ਼ ਰਫ਼ਤਾਰ ਫੜਨ ’ਚ ਸਮਰੱਥ ਹੈ। ਇਹ ਟਰੇਨ ਮਹਿਜ 52 ਸਕਿੰਟ ’ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਅਖ਼ਤਿਆਰ ਕਰ ਲੈਂਦੀ ਹੈ। 

ਇਸ ਟਰੇਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਹਰੋਲੀ ’ਚ ਬਲਕ ਡਰੱਗ ਪਾਰਕ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਨੂੰ 1900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਪਾਰਕ ਏ. ਪੀ. ਆਈ. ਦਵਾਈ ਦੇ ਚਿਕਿਤਸਕ ਗੁਣਾਂ ਲਈ ਜ਼ਿੰਮੇਵਾਰ ਮਿਸ਼ਰਣ) ਆਯਾਤ 'ਤੇ ਨਿਰਭਰਤਾ ਨੂੰ ਘਟਾਉਣ ਵਿਚ ਮਦਦ ਕਰੇਗਾ। ਇਸ ਨਾਲ ਲੱਗਭਗ 10,000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਣ ਅਤੇ 20,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾ ਊਨਾ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਦਾ ਨੀਂਹ ਪੱਥਰ ਉਨ੍ਹਾਂ 2017 ’ਚ ਰੱਖਿਆ ਸੀ।


author

Tanu

Content Editor

Related News