ਹਰੇਕ ਵੋਟ ਅਗਲੇ 25 ਸਾਲਾਂ ’ਚ ਹਿਮਾਚਲ ਦੀ ਵਿਕਾਸ ਯਾਤਰਾ ਨੂੰ ਕਰੇਗੀ ਪਰਿਭਾਸ਼ਿਤ: PM ਮੋਦੀ
Saturday, Nov 05, 2022 - 04:07 PM (IST)
ਸੁੰਦਰਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ’ਚ ਬਣਾ ਕੇ ਰੱਖਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਤੇਜ਼ੀ ਨਾਲ ਤਰੱਕੀ ਅਤੇ ਸਥਿਰ ਸਰਕਾਰ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ’ਚ ਇਕ ਚੋਣ ਰੈਲੀ ’ਚ ਕਿਹਾ ਕਿ ਇਸ ਵਾਰ ਹਿਮਾਚਲ ਚੋਣਾਂ ਖ਼ਾਸ ਹਨ, ਕਿਉਂਕਿ 12 ਨਵੰਬਰ ਨੂੰ ਪਾਈ ਗਈ ਹਰ ਇਕ ਵੋਟ ਸਿਰਫ਼ ਆਉਣ ਵਾਲੇ 5 ਸਾਲ ਲਈ ਨਹੀਂ ਹੈ ਸਗੋਂ ਇਹ ਅਗਲੇ 25 ਸਾਲਾਂ ਲਈ ਸੂਬੇ ਦੀ ਵਿਕਾਸ ਯਾਤਰਾ ਨੂੰ ਪਰਿਭਾਸ਼ਿਤ ਕਰੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਭਾਰਤ ਨੇ ਆਜ਼ਾਦੀ ਦੇ 75 ਸਾਲ ਪੂਰੇ ਕੀਤੇ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਉਸ ਸਮੇਂ ਹਿਮਾਚਲ ਪ੍ਰਦੇਸ਼ ਵੀ ਆਪਣੇ ਗਠਨ ਦੇ 100 ਸਾਲ ਪੂਰੇ ਕਰੇਗਾ। ਇਸ ਲਈ ਅਗਲੇ 25 ਸਾਲ ਬਹੁਤ ਮਹੱਤਵਪੂਰਨ ਹੋਣ ਜਾ ਰਹੇ ਹਨ।
ਹਿਮਾਚਲ ਪ੍ਰਦੇਸ਼ ਲਈ ਤੇਜ਼ੀ ਨਾਲ ਤਰੱਕੀ ਅਤੇ ਸਥਿਰ ਸਰਕਾਰ ਨੂੰ ਜ਼ਰੂਰੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਹਿਮਾਚਲ ਦੇ ਲੋਕ, ਇੱਥੋਂ ਦੇ ਨੌਜਵਾਨ, ਮਾਂਵਾਂ ਅਤੇ ਭੈਣਾਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਲੋਕ ਜਾਣਦੇ ਹਨ ਕਿ ਭਾਜਪਾ ਸਥਿਰਤਾ ਲਈ ਖੜ੍ਹੀ ਹੈ ਅਤੇ ‘ਸੇਵਾ ਭਾਵ’ ਨੂੰ ਮੁੱਖ ਰੱਖਦਿਆਂ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਇਸੇ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਭਾਜਪਾ ਨੂੰ ਮੁੜ ਸੱਤਾ ਵਿਚ ਲਿਆਉਣ ਦਾ ਫ਼ੈਸਲਾ ਕੀਤਾ ਹੈ।