ਮਹਾਰਾਸ਼ਟਰ ਦੇ ਹਰੇਕ ਨਾਗਰਿਕ ਤੋਂ ਮੁਆਫੀ ਮੰਗਣ ਮੋਦੀ : ਰਾਹੁਲ

Thursday, Sep 05, 2024 - 09:24 PM (IST)

ਮਹਾਰਾਸ਼ਟਰ ਦੇ ਹਰੇਕ ਨਾਗਰਿਕ ਤੋਂ ਮੁਆਫੀ ਮੰਗਣ ਮੋਦੀ : ਰਾਹੁਲ

ਸਾਂਗਲੀ (ਮਹਾਰਾਸ਼ਟਰ), (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੰਧੂਦੁਰਗ ਜ਼ਿਲੇ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਡਿੱਗਣ ਦੀ ਘਟਨਾ ਲਈ ਹੀ ਨਹੀਂ ਸਗੋਂ ਨੋਟਬੰਦੀ, ਕਿਸਾਨ ਵਿਰੋਧੀ ਬਿੱਲਾਂ ਅਤੇ ਜੀ. ਐੱਸ. ਟੀ. ਲਈ ਵੀ ਮੁਆਫੀ ਮੰਗਣੀ ਚਾਹੀਦੀ ਹੈ।

ਗਾਂਧੀ ਨੇ ਕਿਹਾ ਕਿ ਮੋਦੀ ਨੂੰ 17ਵੀਂ ਸਦੀ ਦੇ ਮਹਾਨ ਯੋਧਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਉਸ ਅਪਮਾਨ ਲਈ ਮਹਾਰਾਸ਼ਟਰ ਦੇ ਹਰੇਕ ਨਾਗਰਿਕ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਦੋਂ 26 ਅਗਸਤ ਨੂੰ ਰਾਜਕੋਟ ਦੇ ਕਿਲੇ ’ਚ ਉਨ੍ਹਾਂ ਦਾ ਬੁੱਤ ਢਹਿ ਗਿਆ ਸੀ। ਕਾਂਗਰਸ ਨੇਤਾ ਗਾਂਧੀ ਪਾਰਟੀ ਦੇ ਮਰਹੂਮ ਨੇਤਾ ਪਤੰਗਰਾਓ ਕਦਮ ਦੇ ਆਦਮਕੱਦ ਬੁੱਤ ਦੀ ਘੁੰਡ-ਚੁਕਾਈ ਕਰਨ ਤੋਂ ਬਾਅਦ ਇਥੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਮਹਾਰਾਸ਼ਟਰ ਵਿਚ ਸ਼ਿਵਾਜੀ ਮਹਾਰਾਜ ਦੇ ਬੁੱਤ ਡਿੱਗਣ ਦੀ ਘਟਨਾ ਨੂੰ ਲੈ ਕੇ ਸੂਬੇ ਦੀ ਭਾਜਪਾ-ਸ਼ਿਵ ਸੈਨਾ-ਰਾਕਾਂਪਾ ਸਰਕਾਰ ਦੀ ਆਲੋਚਨਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ ਦੇ ਆਪਣੇ ਦੌਰੇ ਦੌਰਾਨ ਕਿਹਾ ਸੀ ਕਿ ਉਹ ਮਹਾਨ ਰਾਜਾ, ਆਪਣੇ ‘ਦੇਵਤਾ’ ਅਤੇ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦੇ ਹਨ, ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।

ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਕਿਸ ਗੱਲ ਲਈ ਮੁਆਫੀ ਮੰਗੀ ਹੈ, ਕੀ ਇਸ ਲਈ ਕਿ ਸ਼ਿਵਾਜੀ ਦਾ ਬੁੱਤ ਬਣਾਉਣ ਦਾ ਠੇਕਾ ਆਰ. ਐੱਸ. ਐੱਸ. ਦੇ ਇਕ ਅਜਿਹੇ ਵਿਅਕਤੀ ਨੂੰ ਦਿੱਤਾ ਗਿਆ ਸੀ, ਜਿਸ ਕੋਲ ਕੋਈ ਤਜਰਬਾ ਨਹੀਂ ਸੀ ਜਾਂ ਇਸ ਪ੍ਰਕਿਰਿਆ ਵਿਚ ਭ੍ਰਿਸ਼ਟਾਚਾਰ ਲਈ।

ਕਾਂਗਰਸ ਨੇਤਾ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਾਰੇ ਠੇਕੇ ਸਿਰਫ ‘ਅਡਾਨੀ ਅਤੇ ਅੰਬਾਨੀ’ ਨੂੰ ਹੀ ਕਿਉਂ ਦਿੱਤੇ ਜਾਂਦੇ ਹਨ ਅਤੇ ਉਹ ਸਿਰਫ ‘2 ਵਿਅਕਤੀਆਂ’ ਲਈ ਹੀ ਸਰਕਾਰ ਕਿਉਂ ਚਲਾ ਰਹੇ ਹਨ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਕਿਸਾਨ ਵਿਰੋਧੀ ਕਾਨੂੰਨਾਂ’ ਲਈ ਮੁਆਫ਼ੀ ਨਹੀਂ ਮੰਗੀ ਹੈ, ਜੋ ਬਾਅਦ ਵਿਚ ਵਿਰੋਧ ਪ੍ਰਦਰਸ਼ਨਾਂ ਕਾਰਨ ਵਾਪਸ ਲੈ ਲਏ ਗਏ ਸਨ।

ਉਨ੍ਹਾਂ ਮੰਗ ਕੀਤੀ ਕਿ ਮੋਦੀ ਨੋਟਬੰਦੀ ਅਤੇ ‘ਗਲਤ’ ਜੀ. ਐੱਸ. ਟੀ. ਲਈ ਮੁਆਫੀ ਮੰਗਣ। ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਮਣੀਪੁਰ ਨਹੀਂ ਗਏ, ਜੋ ਘਰੇਲੂ ਜੰਗ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਖੁਦ ਉੱਤਰ-ਪੂਰਬੀ ਰਾਜ ਨੂੰ ਅੱਗ ਵਿਚ ਝੋਂਕਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ‘2 ਵਿਅਕਤੀਆਂ’ ਦੇ ਲਾਭ ਲਈ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅਡਾਨੀ ਅਤੇ ਅੰਬਾਨੀ ਗਰੁੱਪ ਰੋਜ਼ਗਾਰ ਪੈਦਾ ਨਹੀਂ ਕਰ ਸਕਦੇ।


author

Rakesh

Content Editor

Related News