ਧਾਰਾ 370 ਹਟਣ ਤੋਂ ਬਾਅਦ, PM ਮੋਦੀ ਦੇ ਵਿਜ਼ਨ ਨੇ ਜੰਮੂ-ਕਸ਼ਮੀਰ ''ਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਨਵਾਂ ਯੁੱਗ ਲਿਆਇਆ: ਚੁੱਘ
Saturday, Aug 05, 2023 - 07:13 PM (IST)

ਸ਼੍ਰੀਨਗਰ- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਇੰਚਾਰਜ ਤਰੁਣ ਚੁੱਘ ਨੇ ਸ਼ਨੀਵਾਰ ਨੂੰ ਕਿਹਾ ਕਿ ਧਾਰਾ 370 ਨੂੰ ਹਟਾਉਣ ਦੇ ਚਾਰ ਸਾਲਾਂ ਬਾਅਦ ਜੰਮੂ-ਕਸ਼ਮੀਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਧਾਰਾ 370 ਦੇ ਹਟਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਨੂੰ ਬੰਧਨਾਂ ਤੋਂ ਆਜ਼ਾਦੀ ਮਿਲੀ ਹੈ। ਹਰੇਕ ਵਰਗ ਨੂੰ ਅਧਿਕਾਰ ਪ੍ਰਦਾਨ ਕੀਤੇ ਹਨ। ਚੁੱਘ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ, ਜਿਸਨੂੰ ਦੇਸ਼ ਦੇ ਅੱਤਵਾਦ ਦੇ ਕੇਂਦਰ ਦੇ ਰੂਪ 'ਚ ਜਾਣਿਆ ਜਾਂਦਾ ਸੀ, 6 ਮਹੀਨਿਆਂ ਤਕ ਕਰਫਿਊ ਲਗਦਾ ਸੀ, ਹੁਣ ਸੈਰ-ਸਪਾਟੇ ਦੀ ਰਾਜਧਾਨੀ ਬਣ ਗਿਆ ਹੈ, ਜਿਥੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਲੋਕ ਆਉਂਦੇ ਹਨ ਅਤੇ ਖੇਤਰ ਦੀ ਅਰਥਵਿਵਸਥਾ ਨੂੰ ਉਤਸ਼ਾਹ ਦਿੰਦੇ ਹਨ।
ਸੈਰ-ਸਪਾਟੇ ਦੇ ਮਾਮਲੇ 'ਚ ਪਿਛਲੇ 70 ਸਾਲਾਂ 'ਚ ਸਭ ਤੋਂ ਜ਼ਿਆਦਾ ਸੈਲਾਨੀ ਜੰਮੂ ਅਤੇ ਕਸ਼ਮੀਰ 'ਚ ਪਿਛਲੇ ਸਾਲ ਆਏ ਹਨ। ਜੀ-20 ਦਾ ਅੰਤਰਰਾਸ਼ਟਰੀ ਪੱਧਰ ਦਾ ਸਫਲ ਆਯੋਜਨ ਜੰਮੂ-ਕਸ਼ਮੀਰ ਦੀ ਸ਼ਾਂਤੀ ਅਤੇ ਵਿਕਾਸ ਦਾ ਗਵਾਹ ਹੈ। ਚੁੱਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਸਰਹੱਦ ਪਾਰ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਨਾਮੁਮਕਿਨ ਹੋ ਗਈਆਂ ਹਨ, ਇੱਥੋਂ ਤਕ ਕਿ ਆਈ.ਐੱਸ.ਆਈ. ਗੇਮ ਪਲਾਨ ਵੀ ਹਾਰ ਗਏ ਹਨ। ਚੁੱਖ ਨੇ ਕਿਹਾ ਕਿ ਬੱਚੇ ਹਨ ਇੱਟਾਂ-ਪੱਥਰ ਦੀ ਗੱਲ ਨਹੀਂ ਕਰ ਰਹੇ ਸਗੋਂ ਕੰਪਿਊਟਰ ਅਤੇ ਕਿਤਾਬਾਂ ਦੀ ਭਾਲ 'ਚ ਹਨ।
ਸਕੂਲ ਅਤੇ ਕਾਲਜ 'ਚ ਵਿਦਿਆਰਥੀਆਂ ਲਈ ਸਿੱਖਿਆ ਦਾ ਸਕਾਰਾਤਮਕ ਵਾਤਾਵਰਣ ਪੈਦਾ ਹੋਇਆ ਹੈ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ 'ਚ ਜੰਮੂ-ਕਸ਼ਮੀਰ 'ਚ ਵਿਕਾਸ ਕੰਮਾਂ ਦਾ ਇਕ ਨਵਾਂ ਯੁੱਗ ਆਇਆ ਹੈ, ਜਿੱਥੇ ਸਮਾਜ ਦੇ ਹਰ ਵਰਗ ਪ੍ਰਗਤੀ ਕਰ ਰਹੇ ਹਨ। ਸਮਾਜ ਦੇ ਕਿਸੇ ਵੀ ਵਰਗ, ਚਾਹੇ ਉਹ ਗੁਜਰ ਹੋਵੇ ਜਾਂ ਬਕਰਵਾਲ, ਦੇ ਨਾਲ ਹੁਣ ਕੋਈ ਭੇਦਭਾਵ ਨਹੀਂ ਰਿਹਾ। ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਇਕ ਨਵੀਂ ਉਚਾਈ 'ਤੇ ਪਹੁੰਚ ਗਈ ਹੈ ਅਤੇ ਲੋਕਾਂ ਨੇ ਅਬੱਦੁਲਿਆਂ ਅਤੇ ਮੁਫਤੀਆਂ ਤੋਂ ਪਰੇ ਬਿਹਤਰ ਜੀਵਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਪਰਿਵਾਰਕ ਹਿੱਤਾਂ ਨੂੰ ਉਤਸ਼ਾਹ ਦੇਣ ਲਈ ਦਹਾਕਿਆਂ ਤਕ ਜੰਮੂ-ਕਸ਼ਮੀਰ ਦਾ ਸ਼ੋਸ਼ਣ ਕੀਤਾ।