ਲਾਹੌਰ ਦੀਆਂ ਸੜਕਾਂ 'ਤੇ ਇਸ ਕਾਰਨ ਲੱਗੇ ਵਿੰਗ ਕਮਾਂਡਰ ਅਭਿਨੰਦਨ ਤੇ PM ਮੋਦੀ ਦੇ ਪੋਸਟਰ
Sunday, Nov 01, 2020 - 03:54 AM (IST)
ਲਾਹੌਰ - ਪਾਕਿਸਤਾਨ ਵਿਚ ਫਿਰ ਇਕ ਵਾਰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਪੋਸਟਰ ਲਾਹੌਰ ਦੀਆਂ ਸੜਕਾਂ 'ਤੇ ਲੱਗੇ ਦਿਖੇ ਹਨ। ਇਨ੍ਹਾਂ ਪੋਸਟਰਾਂ ਦੇ ਜ਼ਰੀਏ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਅਯਾਜ਼ ਸਾਦਿਕ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਕਈ ਪੋਸਟਰਾਂ ਵਿਚ ਅਯਾਜ਼ ਸਾਦਿਕ ਨੂੰ ਕੌਮ ਦਾ ਗੱਦਾਰ ਦੱਸਦੇ ਹੋਏ ਮੀਰ ਜ਼ਾਫਰ ਨਾਲ ਤੁਲਨਾ ਕੀਤੀ ਗਈ ਹੈ। ਅਯਾਜ਼ ਸਾਦਿਕ ਨੇ ਹੀ ਪਾਕਿਸਤਾਨੀ ਸੰਸਦ ਵਿਚ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਇਮਰਾਨ ਖਾਨ ਸਰਕਾਰ ਦੀ ਪੋਲ ਖੋਲ੍ਹੀ ਸੀ।
ਅਯਾਜ਼ ਸਾਦਿਕ ਦੇ ਹਲਕੇ 'ਚ ਲੱਗੇ ਪੋਸਟਰ
ਅਯਾਜ਼ ਸਾਦਿਕ ਦੇ ਚੋਣ ਹਲਕੇ ਲਾਹੌਰ ਦੀਆਂ ਸੜਕਾਂ ਦੇ ਕੰਢੇ ਲੱਗੇ ਇਨ੍ਹਾਂ ਪੋਸਟਰਾਂ ਵਿਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਅਤੇ ਪੀ. ਐੱਮ. ਮੋਦੀ ਦੀਆਂ ਤਸਵੀਰਾਂ ਜਾਣ ਬੁੱਝ ਕੇ ਲਗਾਈਆਂ ਗਈਆਂ ਹਨ। ਇਸ ਵਿਚ ਉਰਦੂ ਵਿਚ ਪੀ. ਐੱਮ. ਐੱਲ.-ਐੱਨ. ਪਾਰਟੀ ਦੇ ਨੇਤਾ ਅਯਾਜ਼ ਸਾਦਿਕ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਗਿਆ ਹੈ। ਕੁਝ ਪੋਸਟਰਾਂ ਵਿਚ ਸਾਦਿਕ ਨੂੰ ਵਰਧਮਾਨ ਦੇ ਰੂਪ ਵਿਚ ਦਿਖਾਇਆ ਗਿਆ ਹੈ। ਕਈ ਪੋਸਟਰਾਂ ਵਿਚ ਉਨ੍ਹਾਂ ਨੂੰ ਭਾਰਤ ਦਾ ਸਮਰਥਕ ਵੀ ਕਰਾਰ ਦਿੱਤਾ ਗਿਆ ਹੈ।
ਇਮਰਾਨ ਦੇ ਮੰਤਰੀ ਨੇ ਭਾਰਤ ਭੇਜਣ ਦੀ ਗੱਲ ਕਹੀ
ਪਾਕਿਸਤਾਨ ਦੇ ਗ੍ਰਹਿ ਮੰਤਰੀ ਏਜਾਜ਼ ਅਹਿਮਦ ਸ਼ਾਹ ਨੇ ਇਕ ਜਨ ਸਭਾ ਦੌਰਾਨ ਕਿਹਾ ਕਿ ਅਯਾਜ਼ ਸਾਦਿਕ ਨੂੰ ਪਾਕਿਸਤਾਨ ਤੋਂ ਚਲੇ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਪਣੀ ਫੌਜ ਖਿਲਾਫ ਜੋ ਗੱਲਾਂ ਉਨ੍ਹਾਂ ਕਹੀਆਂ ਹਨ ਉਸ ਨੂੰ ਉਹ ਅੰਮ੍ਰਿਤਸਰ ਜਾ ਕੇ ਆਖਣ। ਪੂਰੇ ਪਾਕਿਸਤਾਨ ਵਿਚ ਅਯਾਜ਼ ਸਾਦਿਕ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਮਰਾਨ ਸਰਕਾਰ ਦੇ ਮੰਤਰੀ ਤਾਂ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਕੇ ਬੈਠੇ ਹੋਏ ਹਨ।