ਕੋਰੋਨਾ ਵਿਰੁੱਧ ਲੜਾਈ ਲੰਬੀ ਹੈ, ਨਾ ਥੱਕਣਾ ਅਤੇ ਨਾ ਹੀ ਹਾਰਨਾ ਸਿਰਫ ਜਿੱਤਣਾ ਹੈ : PM ਮੋਦੀ

04/06/2020 12:39:58 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਪਾਰਟੀ ਦੇ 40ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਅੱਜ ਭਾਵ ਸੋਮਵਾਰ ਨੂੰ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਇਸ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ। ਭਾਰਤ ਨੇ ਕੋਰੋਨਾ ਵਿਰੁੱਧ ਜਿਸ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਹਨ, ਉਸ ਦੀ ਪ੍ਰਸ਼ੰਸਾ ਪੂਰੀ ਦੁਨੀਆ ਕਰ ਰਹੀ ਹੈ। ਦੁਨੀਆ ਦੇ ਤਮਾਮ ਰਾਸ਼ਟਰ ਪ੍ਰਧਾਨ ਨਾਲ ਭਾਰਤ ਲਗਾਤਾਰ ਸੰਪਰਕ ਵਿਚ ਹੈ, ਮੈਂ ਵੀ ਲਗਾਤਾਰ ਉਨ੍ਹਾਂ ਨਾਲ ਗੱਲ ਕਰ ਰਿਹਾ ਹਾਂ। ਇਹ ਸਾਡੇ ਲਈ ਬਹੁਤ ਮੁਸ਼ਕਲ ਸਮਾਂ ਹੈ ਪਰ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਅਸੀਂ ਚੰਗੀ ਲੜਾਈ ਲੜ ਰਹੇ ਹਾਂ ਅਤੇ ਇਹ ਜੰਗ ਜਾਰੀ ਰਹੇਗੀ। 
ਮੋਦੀ ਨੇ ਪਾਰਟੀ ਵਰਕਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਨੂੰ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਇਕ ਦਿਨ ਦਾ ਜਨਤਾ ਕਰਫਿਊ ਹੋਵੇ ਜਾਂ ਫਿਰ ਲੰਮੇ ਸਮੇਂ ਦਾ ਲਾਕਡਾਊਨ, ਪੂਰਾ ਦੇਸ਼ ਕੋਰੋਨਾ ਵਿਰੁੱਧ ਇਕਜੁੱਟ ਹੋ ਕੇ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਵਰਕਰਾਂ ਨੂੰ ਸਿਖਾਇਆ ਗਿਆ ਹੈ ਕਿ ਦਲ ਤੋਂ ਵੱਡਾ ਦੇਸ਼ ਹੈ ਅਤੇ ਦੇਸ਼ 130 ਕਰੋੜ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਲੰਬੀ ਹੈ, ਇਸ ਲਈ ਨਾ ਥੱਕਣਾ ਹੈ ਅਤੇ ਨਾ ਹੀ ਹਾਰਨਾ ਹੈ ਸਿਰਫ ਜਿੱਤਣਾ ਹੈ। ਕੱਲ ਰਾਤ 9 ਵਜੇ ਅਸੀਂ ਸਾਰਿਆਂ ਨੇ 130 ਕਰੋੜ ਦੇਸ਼ਵਾਸੀਆਂ ਦੀ ਸਮੂਹਿਕ ਸ਼ਕਤੀ ਦਾ ਅਨੁਭਵ ਕੀਤਾ, ਅਸੀਂ ਉਸ ਦੇ ਦਰਸ਼ਨ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਿਆਂ ਦੇ ਮਹਾਪ੍ਰਕਾਸ਼ ਨੇ ਦੇਸ਼ ਨੂੰ ਲੰਬੀ ਲੜਾਈ ਲਈ ਤਿਆਰ ਕੀਤਾ, ਇਸ ਲਈ ਸਾਨੂੰ ਹਰ ਹਾਲ 'ਚ ਇਹ ਲੜਾਈ ਜਿੱਤਣੀ ਹੈ।

ਪੀ. ਐੱਮ. ਮੋਦੀ ਦੀ ਵਰਕਰਾਂ ਨੂੰ ਅਪੀਲ—
— ਸਾਨੂੰ ਇਹ ਯਕੀਨੀ ਕਰਨਾ ਹੈ ਕਿ ਸਾਡੇ ਆਲੇ-ਦੁਆਲੇ ਕੋਈ ਵੀ ਗਰੀਬ ਭੁੱਖਾ ਨਾ ਸੌਵੇ। 
—ਜਦੋਂ ਵੀ ਮਦਦ ਲਈ ਜਾਓ ਤਾਂ ਮਾਸਕ ਪਹਿਨ ਕੇ ਜਾਓ। ਇਹ ਮਾਸਕ ਕਲੀਨਿਕਲ ਹੋਵੇ, ਜ਼ਰੂਰੀ ਨਹੀਂ ਹੈ, ਕਿਸੇ ਵੀ ਕੱਪੜੇ ਦਾ ਬਣਿਆ ਮਾਸਕ ਪਹਿਨੋ।
— ਆਪਣੇ ਪਰਿਵਾਰ ਵਾਲਿਆਂ ਜਾਂ 5 ਹੋਰ ਲੋਕਾਂ ਨੂੰ ਮਾਸਕ ਬਣਾ ਕੇ ਤੋਹਫੇ ਵਜੋਂ ਭੇਟ ਕਰੋ।
— ਕੋਰੋਨਾ ਵਿਰੁੱਧ ਲੜਾਈ ਵਿਚ ਜੁੱਟੇ ਲੋਕਾਂ (ਪੁਲਸ ਕਰਮਚਾਰੀਆਂ, ਸਿਹਤ ਕਰਮਚਾਰੀਆਂ, ਬੈਂਕ ਕਰਮਚਾਰੀਆਂ, ਸਫਾਈ ਕਰਮਚਾਰੀਆਂ, ਸਰਕਾਰੀ ਕਰਮਚਾਰੀਆਂ) ਪ੍ਰਤੀ ਧੰਨਵਾਦ ਜ਼ਾਹਰ ਕਰੋ।
— ਘੱਟ ਤੋਂ ਘੱਟ 40 ਲੋਕਾਂ ਨੂੰ ਮੋਬਾਇਲ 'ਚ ਅਰੋਗ ਸੇਤੂ ਐਪ ਨੂੰ ਇੰਸਟਾਲ ਕਰਵਾਓ ਅਤੇ ਉਨ੍ਹਾਂ ਤੋਂ ਇਸ ਨੂੰ ਭਰਵਾਓ।
— ਸਾਰੇ ਭਾਜਪਾ ਵਰਕਰਾਂ ਨੂੰ ਪੀ. ਐੱਮ. ਕੇਅਰਸ ਫੰਡ 'ਚ ਸਹਿਯੋਗ ਕਰਨਾ ਹੈ ਅਤੇ ਹੋਰ 40 ਲੋਕਾਂ ਨੂੰ ਵੀ ਸਹਿਯੋਗ ਕਰਨ ਲਈ ਪ੍ਰੇਰਿਤ ਕਰਨਾ ਹੈ।
— ਗਰੀਬਾਂ ਨੂੰ ਰਾਸ਼ਨ ਲਈ ਲਗਾਤਾਰ ਸੇਵਾ ਮੁਹਿੰਮ ਚਲਾਓ।
— ਹਰ ਵਰਕਰ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਪਾਲਣ ਕਰੇ ਅਤੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਕਹਿਣ।


Tanu

Content Editor

Related News