130 ਕਰੋੜ ਭਾਰਤੀਆਂ ਦਾ ਮੌਜੂਦਾ ਸਮਾਂ ਤੇ ਭਵਿੱਖ ਕੋਈ ਐਮਰਜੈਂਸੀ ਜਾਂ ਕੋਈ ਆਫਤ ਤੈਅ ਨਹੀਂ ਕਰ ਸਕਦੀ : PM

05/30/2020 6:00:22 AM

ਮੇਰੇ ਪਿਆਰੇ ਮਿੱਤਰੋ
ਅੱਜ ਤੋਂ ਇਕ ਸਾਲ ਪਹਿਲਾਂ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਇਕ ਨਵਾਂ ਗੋਲਡਨ ਅਧਿਆਏ ਜੁੜਿਆ। ਦੇਸ਼ ਵਿਚ ਦਹਾਕਿਆਂ ਬਾਅਦ ਪੂਰਨ ਬਹੁਮਤ ਦੀ ਕਿਸੇ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਜਨਤਾ ਨੇ ਜ਼ਿੰਮੇਵਾਰੀ ਸੌਂਪੀ ਸੀ। ਇਸ ਅਧਿਆਏ ਨੂੰ ਰਚਣ ਵਿਚ ਤੁਹਾਡੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅਜਿਹੇ ਵਿਚ ਅੱਜ ਦਾ ਇਹ ਦਿਨ ਮੇਰੇ ਲਈ ਮੌਕਾ ਹੈ ਤੁਹਾਨੂੰ ਨਮਨ ਕਰਨ ਦਾ, ਭਾਰਤ ਅਤੇ ਭਾਰਤੀ ਲੋਕਤੰਤਰ ਪ੍ਰਤੀ ਤੁਹਾਡੀ ਇਸ ਨਿਸ਼ਠਾ ਨੂੰ ਪ੍ਰਣਾਮ ਕਰਨ ਦਾ।


ਜੇਕਰ ਆਮ ਸਥਿਤੀ ਹੁੰਦੀ ਤਾਂ ਮੈਨੂੰ ਤੁਹਾਡੇ ਵਿਚਾਲੇ ਆ ਕੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਪਰ ਸੰਸਾਰਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਜੋ ਹਾਲਾਤ ਬਣੇ ਹਨ, ਉਨ੍ਹਾਂ ਹਾਲਾਤਾਂ ਵਿਚ ਮੈਂ ਇਸ ਚਿੱਠੀ ਰਾਹੀਂ ਤੁਹਾਡੇ ਚਰਣਾਂ ਵਿਚ ਪ੍ਰਣਾਮ ਕਰਨ ਅਤੇ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ। ਬੀਤੇ ਸਾਲ ਵਿਚ ਤੁਹਾਡੇ ਪਿਆਰ, ਸ਼ੁੱਭ ਆਸ਼ੀਸ਼ ਅਤੇ ਤੁਹਾਡੇ ਸਰਗਰਮ ਸਹਿਯੋਗ ਨੇ ਮੈਨੂੰ ਲਗਾਤਾਰ ਇਕ ਨਵੀਂ ਊਰਜਾ, ਨਵੀਂ ਪ੍ਰੇਰਣਾ ਦਿੱਤੀ ਹੈ। ਇਸ ਦੌਰਾਨ ਤੁਹਾਡੇ ਲੋਕਤੰਤਰ ਦੀ ਜਿਸ ਸਮੂਹਿਕ ਸ਼ਕਤੀ ਦੇ ਦਰਸ਼ਨ ਕਰਵਾਏ ਉਹ ਅੱਜ ਪੂਰੇ ਵਿਸ਼ਵ ਲਈ ਇਕ ਮਿਸਾਲ ਬਣ ਚੁੱਕੀ ਹੈ।
ਸਾਲ 2014 ਵਿਚ ਆਪਣੇ, ਦੇਸ਼ ਦੀ ਜਨਤਾ ਨੇ, ਦੇਸ਼ ਵਿਚ ਇਕ ਵੱਡੇ ਬਦਲਾਅ ਲਈ ਵੋਟ ਕੀਤੀ ਸੀ, ਦੇਸ਼ ਦੀ ਨੀਤੀ ਅਤੇ ਰੀਤੀ ਬਦਲਣ ਲਈ ਵੋਟ ਕੀਤੀ ਸੀ। ਉਨ੍ਹਾਂ ਪੰਜ ਸਾਲਾਂ ਵਿਚ ਦੇਸ਼ ਨੇ ਵਿਵਸਥਾਵਾਂ ਨੂੰ ਜੜ੍ਹੋਂ ਅਤੇ ਭ੍ਰਿਸ਼ਟਾਚਾਰ ਦੇ ਦਲਦਲ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਹੈ। ਉਨ੍ਹਾਂ ਪੰਜ ਸਾਲਾਂ ਵਿਚ ਦੇਸ਼ ਨੇ ਆਧੁਨਿਕ ਭਾਵਨਾ ਦੇ ਨਾਲ ਗਰੀਬਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਗਵਰਨੈਂਸ ਨੂੰ ਬਦਲਦੇ ਹੋਏ ਦੇਖਿਆ ਹੈ।


ਉਸ ਕਾਰਜਕਾਲ ਵਿਚ ਜਿੱਥੇ ਵਿਸ਼ਵ ਵਿਚ ਭਾਰਤ ਦੀ ਆਨ-ਬਾਨ-ਸ਼ਾਨ ਵਧੀ, ਉਥੇ ਹੀ ਅਸੀਂ ਗਰੀਬਾਂ ਦੇ ਬੈਂਕ ਖਾਤੇ ਖੋਲ ਕੇ ਉਨ੍ਹਾਂ ਨੂੰ ਮੁਫਤ ਗੈਸ ਕੁਨੈਕਸ਼ਨ, ਮੁਫਤ ਬਿਜਲੀ ਕੁਨੈਕਸ਼ਨ ਦੇ ਕੇ, ਪਖਾਨੇ ਬਣਵਾ ਕੇ, ਘਰ ਬਣਵਾ ਕੇ ਗਰੀਬਾਂ ਦਾ ਮਾਣ ਵਧਾਇਆ ਹੈ। ਉਸ ਕਾਰਜਕਾਲ ਵਿਚ ਜਿੱਥੇ ਸਰਜੀਕਲ ਸਟ੍ਰਾਈਕ ਹੋਈ, ਏਅਰ ਸਟ੍ਰਾਈਕ ਹੋਈ ਉਥੇ ਅਸੀਂ ਵਨ ਰੈਂਕ, ਵਨ ਪੈਨਸ਼ਨ, ਵਨ ਨੇਸ਼ਨ ਵਨ ਟੈਕਸ, ਜੀ.ਐੱਸ.ਟੀ., ਕਿਸਾਨਾਂ ਦੀ ਐੱਮ.ਐੱਸ.ਪੀ. ਦੀਆਂ ਸਾਲਾਂ ਪੁਰਾਣੀਆਂ ਮੰਗਾਂ ਨੂੰ ਵੀ ਪੂਰਾ ਕਰਨ ਦਾ ਕੰਮ ਕੀਤਾ।


ਉਹ ਕਾਰਜਕਾਲ ਦੇਸ਼ ਦੀਆਂ ਅਨੇਕਾਂ ਜ਼ਰੂਰਤਾਂ ਦੀ ਪੂਰਤੀ ਲਈ ਸਮਰਪਿਤ ਰਿਹਾ। ਸਾਲ 2019 ਵਿਚ ਤੁਹਾਡਾ ਆਸ਼ੀਰਵਾਦ, ਦੇਸ਼ ਦੀ ਜਨਤਾ ਦਾ ਆਸ਼ੀਰਵਾਦ, ਦੇਸ਼ ਦੇ ਵੱਡੇ ਸਪਨਿਆਂ ਲਈ ਸੀ, ਉਮੀਦਾਂ ਦੀ ਪੂਰਤੀ ਲਈ ਸੀ ਅਤੇ ਇਸ ਇਕ ਸਾਲ ਵਿਚ ਲਏ ਗਏ ਫੈਸਲੇ ਇਨ੍ਹਾਂ ਵੱਡੇ ਸਪਨਿਆਂ ਦੀ ਉਡਾਣ ਹੈ। ਭਾਰਤ ਦੀ ਇਸ ਇਤਿਹਾਸਕ ਯਾਤਰਾ ਵਿਚ ਦੇਸ਼ ਦੇ ਹਰ ਸਮਾਜ, ਹਰ ਵਰਗ ਅਤੇ ਹਰ ਵਿਅਕਤੀ ਨੇ ਬਾਖੂਬੀ ਆਪਣਾ ਫਰਜ਼ ਨਿਭਾਇਆ ਹੈ। ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਇਸ ਮੰਤਰ ਨੂੰ ਲੈ ਕੇ ਅੱਜ ਦੇਸ਼ ਸਮਾਜਿਕ ਹੋਵੇ ਜਾਂ ਆਰਥਿਕ, ਸੰਸਾਰਕ ਹੋਵੇ ਜਾਂ ਆਂਤਰਿਕ ਹਰ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਬੀਤੇ ਇਕ ਸਾਲ ਵਿਚ ਕੁਝ ਮਹੱਤਵਪੂਰਨ ਫੈਸਲੇ ਜ਼ਿਆਦਾ ਚਰਚਾ ਵਿਚ ਰਹੇ ਅਤੇ ਇਸ ਕਾਰਨ ਇਨ੍ਹਾਂ ਉਪਲਬੱਧੀਆਂ ਦਾ ਚੇਤਿਆਂ ਵਿਚ ਰਹਿਣਾ ਵੀ ਬਹੁਤ ਸੁਭਾਵਕ ਹੈ।

ਰਾਸ਼ਟਰੀ ਏਕਤਾ-ਅਖੰਡਤਾ ਲਈ ਆਰਟੀਕਲ 370 ਦੀ ਗੱਲ ਹੋਵੇ, ਸਦੀਆਂ ਪੁਰਾਣੇ ਸੰਘਰਸ਼ ਦੇ ਚੰਗੇ ਨਤੀਜੇ-ਰਾਮ ਮੰਦਰ ਨਿਰਮਾਣ ਦੀ ਗੱਲ ਹੋਵੇ, ਆਧੁਨਿਕ ਸਮਾਜ ਵਿਵਸਥਾ ਵਿਚ ਰੁਕਾਵਟ ਬਣਿਆ ਟ੍ਰਿਪਲ ਤਲਾਕ ਹੋਵੇ ਜਾਂ ਫਿਰ ਭਾਰਤ ਦੀ ਕਰੁਣਾ ਦਾ ਪ੍ਰਤੀਕ ਨਾਗਰਿਕਤਾ ਸੋਧ ਕਾਨੂੰਨ ਹੋਵੇ, ਇਹ ਸਾਰੀਆਂ ਉਪਲਬਧੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੈ।
ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਦੇ ਗਠਨ ਨੇ ਜਿੱਥੇ ਫੌਜਾਂ ਵਿਚ ਤਾਲਮੇਲ ਨੂੰ ਵਧਾਇਆ ਹੈ, ਉਥੇ ਮਿਸ਼ਨ ਗਗਨਯਾਨ ਲਈ ਵੀ ਭਾਰਤ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਇਸ ਦੌਰਾਨ ਗਰੀਬਾਂ ਨੂੰ, ਕਿਸਾਨਾਂ ਨੂੰ, ਔਰਤਾਂ-ਨੌਜਵਾਨਾਂ ਨੂੰ ਮਜ਼ਬੂਤ ਕਰਨਾ ਸਾਡੀ ਪਹਿਲ ਰਹੀ ਹੈ। ਹੁਣ ਪੀ.ਐਮ. ਕਿਸਾਨ ਸਨਮਾਨ ਨਿਧੀ ਦੇ ਦਾਇਰੇ ਵਿਚ ਦੇਸ਼ ਦਾ ਹਰ ਕਿਸਾਨ ਆ ਚੁੱਕਾ ਹੈ। ਬੀਤੇ ਇਕ ਸਾਲ ਵਿਚ ਇਸ ਯੋਜਨਾ ਤਹਿਤ 9 ਕਰੋੜ 50 ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ਵਿਚ 72 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ। ਦੇਸ਼ ਦੇ 15 ਕਰੋੜ ਤੋਂ ਵਧੇਰੇ ਪੇਂਡੂ ਘਰਾਂ ਵਿਚ ਪੀਣ ਦਾ ਸਾਫ ਪਾਣੀ ਪਾਈਪ ਨਾਲ ਮਿਲੇ, ਇਸ ਦੇ ਲਈ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਸਾਡੇ 50 ਕਰੋੜ ਤੋਂ ਵਧੇਰੇ ਪਸੂਧਨ ਦੀ ਬਿਹਤਰ ਸਿਹਤ ਦੇ ਲਈ ਮੁਫਤ ਟੀਕਾਕਰਣ ਦਾ ਬਹੁਤ ਹੀ ਵੱਡੀ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਦੇਸ਼ ਦੇ ਇਤਿਹਾਸ ਵਿਚ ਇਹ ਵੀ ਪਹਿਲੀ ਵਾਰ ਹੋਇਆ ਹੈ ਜਦੋਂ ਕਿਸਾਨ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ ਤੇ ਅਸੰਗਠਿਤ ਖੇਤਰ ਦੇ ਮਜ਼ਦੂਰ ਸਾਥੀਆਂ, ਸਾਰਿਆਂ ਦੇ ਲਈ 60 ਸਾਲ ਦੀ ਉਮਰ ਤੋਂ ਬਾਅਦ 3 ਹਜ਼ਾਰ ਰੁਪਏ ਦੀ ਲਗਾਤਾਰ ਮਾਸਿਕ ਪੈਨਸ਼ਨ ਦੀ ਸੁਵਿਧਾ ਪੁਖਤਾ ਹੋਈ ਹੈ। ਆਮ ਲੋਕਾਂ ਦੇ ਹਿੱਤ ਨਾਲ ਜੁੜੇ ਬਿਹਤਰ ਕਾਨੂੰਨ ਬਣਨ, ਇਸ ਦੇ ਲਈ ਬੀਤੇ ਸਾਲ ਵਿਚ ਤੇਜ਼ ਰਫਤਾਰ ਨਾਲ ਕੰਮ ਹੋਇਆ ਹੈ। ਸਾਡੀ ਸੰਸਦ ਨੇ ਆਪਣੇ ਕੰਮਕਾਜ ਨਾਲ ਦਹਾਕਿਆਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਰਕਾਰ ਦੀਆਂ ਨੀਤਿਆਂ ਤੇ ਨਿਰਮਾਣ ਦੇ ਕਾਰਣ ਸ਼ਹਿਰਾਂ ਤੇ ਪਿੰਡਾਂ ਦੇ ਵਿਚਾਲੇ ਖੱਡ ਘੱਟ ਹੋ ਰਹੀ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਪਿੰਡ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ, ਸ਼ਹਿਰ ਵਿਚ ਇੰਟਰਨੈੱਟ ਵਰਤਣ ਵਾਲਿਆਂ ਤੋਂ 10 ਫੀਸਦੀ ਵਧੇਰੇ ਹੋ ਗਈ ਹੈ।

ਦੇਸ਼ਵਾਸੀਆਂ ਦੀਆਂ ਆਸਾਂ ਪੂਰੀਆਂ ਕਰਦੇ ਹੋਏ ਅਸੀਂ ਤੇਜ਼ ਰਫਤਾਰ ਨਾਲ ਅੱਗੇ ਵਧ ਹੀ ਰਹੇ ਸੀ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨੇ ਭਾਰਤ ਵੀ ਘੇਰ ਲਿਆ। ਇਕ ਪਾਸੇ ਜਿੱਥੇ ਆਧੁਨਿਕ ਸਿਹਤ ਸੇਵਾਵਾਂ ਤੇ ਵਿਸ਼ਾਲ ਅਰਥਵਿਵਸਥਾ ਵਾਲੀ ਵਿਸ਼ਵ ਦੀਆਂ ਵੱਡੀਆ-ਵੱਡੀਆਂ ਮਹਾਸ਼ਕਤੀਆਂ ਹਨ, ਉਥੇ ਦੂਜੇ ਪਾਸੇ ਇੰਨੀ ਵੱਡੀ ਆਬਾਦੀ ਤੇ ਅਨੇਕ ਚੁਣੌਤੀਆਂ ਨਾਲ ਘਿਰਿਆ ਸਾਡਾ ਭਾਰਤ ਹੈ। ਤਾਲੀ-ਥਾਲੀ ਬਜਾਉਣ ਤੇ ਦੀਵਾ ਜਲਾਉਣ ਤੋਂ ਲੈ ਕੇ ਭਾਰਤ ਦੀਆਂ ਫੌਜਾਂ ਵਲੋਂ ਕੋਰੋਨਾ ਵਾਇਰਸ ਦਾ ਸਾਹਮਣਾ ਹੋਵੇ, ਜਨਤਾ ਕਰਫਿਊ ਜਾਂ ਦੇਸ਼ਵਿਆਪੀ ਲਾਕਡਾਊਨ ਦੌਰਾਨ ਨਿਯਮਾਂ ਦਾ ਨਿਸ਼ਠਾ ਨਾਲ ਪਾਲਣ ਹੋਵੇ, ਹਰ ਮੌਕੇ 'ਤੇ ਤੁਸੀਂ ਇਹ ਦਿਖਾਇਆ ਹੈ ਕਿ ਇਕ ਭਾਰਤ ਹੀ ਸ਼੍ਰੇਸ਼ਠ ਭਾਰਤ ਦੀ ਗਾਰੰਟੀ ਹੈ।

ਨਿਸ਼ਚਿਤ ਤੌਰ 'ਤੇ ਇੰਨੇ ਵੱਡੇ ਸੰਕਟ ਵਿਚ ਕੋਈ ਵੀ ਦਾਅਵੀ ਨਹੀਂ ਕਰ ਸਕਦਾ ਕਿ ਕਿਸੇ ਨੂੰ ਕੋਈ ਤਕਲੀਫ ਤੇ ਅਸੁਵਿਧਾ ਨਾ ਹੋਈ ਹੋਵੇ। ਸਾਡੇ ਮਜ਼ਦੂਰ ਸਾਥੀ, ਪਰਵਾਸੀ ਮਜ਼ਦੂਰ ਭਾਈ-ਭੈਣ, ਛੋਟੇ-ਛੋਟੇ ਉਦਯੋਗਾਂ ਵਿਚ ਕੰਮ ਕਰਨ ਵਾਲੇ ਕਾਰੀਗਰ, ਪਟੜੀ 'ਤੇ ਸਮਾਨ ਵੇਚਣ ਵਾਲੇ, ਰੇਹੜੀ-ਠੇਲਾ ਲਾਉਣ ਵਾਲੇ, ਸਾਡੇ ਦੁਕਾਨਦਾਰ ਭਾਈ-ਭੈਣਾਂ, ਛੋਟੇ ਕਾਰੋਬਾਰੀ, ਅਜਿਹੇ ਸਾਥੀਆਂ ਨੇ ਬੇਸ਼ੁਮਾਰ ਦੁੱਖ ਸਹਿਨ ਕੀਤਾ ਹੈ। ਇੰਨੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਵਿਚ ਅੱਜ ਇਹ ਚਰਚਾ ਵੀ ਬਹੁਤ ਵਿਆਪਕ ਹੈ ਕਿ ਭਾਰਤ ਸਣੇ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਕਿਵੇਂ ਉਭਰਣਗੀਆਂ? ਪਰ ਦੂਜੇ ਪਾਸੇ ਇਹ ਵਿਸ਼ਵਾਸ ਵੀ ਹੈ ਕਿ ਜਿਵੇਂ ਭਾਰਤ ਨੇ ਆਪਣੀ ਇਕਜੁੱਟਤਾ ਨਾਲ ਕੋਰੋਨਾ ਖਿਲਾਫ ਲੜਾਈ ਵਿਚ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ ਉਸੇ ਤਰ੍ਹਾਂ ਆਰਥਿਕ ਖੇਤਰ ਵਿਚ ਵੀ ਅਸੀਂ ਨਵੀਂ ਮਿਸਾਲ ਕਾਇਮ ਕਰਾਂਗੇ। 130 ਕਰੋੜ ਭਾਰਤੀ ਆਪਣੀ ਤਾਕਤ ਨਾਲ ਆਰਥਿਕ ਖੇਤਰ ਵਿਚ ਵੀ ਵਿਸ਼ਵ ਨੂੰ ਹੈਰਾਨ ਹੀ ਨਹੀਂ ਬਲਕਿ ਪ੍ਰੇਰਿਤ ਵੀ ਕਰ ਸਕਦੇ ਹਾਂ।


ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਆਪਣੇ ਪੈਰਾਂ 'ਤੇ ਖੜ੍ਹਾਂ ਹੋਣਾ ਹੀ ਹੋਵੇਗਾ। ਆਪਣੇ ਬਲਬੂਤੇ 'ਤੇ ਚੱਲਣਾ ਹੀ ਹੋਵੇਗਾ ਤੇ ਇਸ ਦੇ ਲਈ ਇਕ ਹੀ ਰਸਤਾ ਹੈ-ਆਤਮਨਿਰਭਰ ਭਾਰਤ। ਅਜੇ ਹਾਲ ਵਿਚ ਆਤਮਨਿਰਭਰ ਭਾਰਤ ਮੁਹਿੰਮ ਦੇ ਲਈ ਦਿੱਤਾ ਗਿਆ 20 ਲੱਖ ਕਰੋੜ ਰੁਪਏ ਦਾ ਪੈਕੇਜ, ਇਸੇ ਦਿਸ਼ਾ ਵਿਚ ਚੁੱਕਿਆ ਗਿਆ ਇਕ ਵੱਡਾ ਕਦਮ ਹੈ। ਇਹ ਮੁਹਿੰਮ ਹਰ ਇਕ ਦੇਸ਼ਵਾਸੀ ਦੇ ਲਈ, ਸਾਡੇ ਕਿਸਾਨ, ਸਾਡੇ ਮਜ਼ਦੂਰ, ਸਾਡੇ ਛੋਟੇ ਕਾਰੋਬਾਰੀ, ਸਾਡੇ ਸਟਾਰਟ ਅਪਸ ਨਾਲ ਜੁੜੇ ਨੌਜਵਾਨ, ਸਾਰਿਆਂ ਦੇ ਲਈ ਨਵੇਂ ਮੌਕਿਆਂ ਦਾ ਦੌਰ ਲੈ ਕੇ ਆਵੇਗਾ।


ਬੀਤੇ 6 ਸਾਲਾਂ ਦੀ ਇਸ ਯਾਤਰਾ ਵਿਚ ਤੁਸੀਂ ਲਗਾਤਾਰ ਮੇਰੇ 'ਤੇ ਆਸ਼ੀਰਵਾਦ ਬਣਾਏ ਰੱਖਿਆ ਹੈ, ਆਪਣਾ ਪਿਆਰ ਵਧਾਇਆ ਹੈ। ਆਪਣੇ ਆਸ਼ਿਰਵਾਦ ਦੀ ਸ਼ਕਤੀ ਨਾਲ ਹੀ ਦੇਸ਼ ਪਿਛਲੇ ਇਕ ਸਾਲ ਵਿਚ ਇਤਿਹਾਸਿਕ ਫੈਸਲਿਆਂ ਤੇ ਵਿਕਾਸ ਦੀ ਹੈਰਾਨੀਜਨਕ ਰਫਤਾਰ ਦੇ ਨਾਲ ਅੱਗੇ ਵਧਿਆ ਹੈ ਪਰ ਫਿਰ ਵੀ ਮੈਨੂੰ ਪਤਾ ਹੈ ਕਿ ਹੁਣ ਵੀ ਬਹੁਤ ਕੁਝ ਕਰਨਾ ਬਾਕੀ ਹੈ। ਦੇਸ਼ ਦੇ ਸਾਹਮਣੇ ਚੁਣੌਤੀਆਂ ਕਈ ਹਨ, ਸਮੱਸਿਆਵਾਂ ਕਈ ਹਨ। ਮੈਂ ਦਿਨ ਰਾਤ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਵਿਚ ਕਮੀ ਹੋ ਸਕਦੀ ਹੈ ਪਰ ਦੇਸ਼ ਵਿਚ ਕੋਈ ਕਮੀ ਨਹੀਂ ਹੈ ਤੇ ਇਸ ਲਈ ਮੇਰੇ ਵਿਸ਼ਵਾਸ ਖੁਦ ਤੋਂ ਵਧੇਰੇ ਤੁਹਾਡੇ 'ਤੇ ਹੈ, ਤੁਹਾਡੀ ਸ਼ਕਤੀ, ਤੁਹਾਡੀ ਸਮਰਥਾ 'ਤੇ ਹੈ।
ਮੇਰੇ ਸੰਕਲਪ ਦੀ ਊਰਜਾ ਤੁਸੀ ਹੀ ਹੋ, ਤੁਹਾਡਾ ਸਮਰਥਨ, ਤੁਹਾਡਾ ਆਸ਼ਿਰਵਾਦ, ਤੁਹਾਡਾ ਪਿਆਰ ਹੀ ਹੈ। ਗਲੋਬਲ ਮਹਾਮਾਰੀ ਦੇ ਕਾਰਣ, ਇਹ ਸੰਕਟ ਦੀ ਘੜੀ ਤਾਂ ਹੈ ਹੀ, ਪਰ ਸਾਡੇ ਦੇਸ਼ਵਾਸੀਆਂ ਦੇ ਲਈ ਇਕ ਸੰਕਲਪ ਦੀ ਘੜੀ ਵੀ ਹੈ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ 130 ਕਰੋੜ ਭਾਰਤੀਆਂ ਦਾ ਵਰਤਮਾਨ ਤੇ ਭਵਿੱਖ ਕੋਈ ਆਪਦਾ ਜਾਂ ਕੋਈ ਸੰਕਟ ਤੈਅ ਨਹੀਂ ਕਰ ਸਕਦੀ। ਦੇਸ਼ ਦੀ ਲਗਾਤਾਰ ਸਫਲਤਾ ਦੀ ਇਸੇ ਕਾਮਨਾ ਦੇ ਨਾਲ ਮੈਂ ਤੁਹਾਨੂੰ ਮੁੜ ਨਮਨ ਕਰਦਾ ਹਾਂ। ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੀਆਂ ਤਹਿ-ਦਿਲੋਂ ਸ਼ੁੱਭਕਾਮਨਾਵਾਂ।

ਸਿਹਤਮੰਦ ਰਹੋ, ਸੁਰੱਖਿਅਤ ਰਹੋ
ਜਾਗਦੇ ਰਹੋ, ਜਾਗਰੂਕ ਰਹੋ।
ਤੁਹਾਡਾ ਪ੍ਰਧਾਨ ਸੇਵਕ

ਨਰਿੰਦਰ ਮੋਦੀ

 


Lalita Mam

Content Editor

Related News