ਪੀ. ਐੱਮ. ਮੋਦੀ ਨੇ ਓਡਿਸ਼ਾ ਲਈ ਖੋਲ੍ਹਿਆ ਖਜ਼ਾਨਾ

Thursday, Feb 16, 2023 - 11:34 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਕਸ਼ਨਰੀ ਵਿੱਚ ਬਿਨਾਂ ਕਾਰਨ ਹੀ ਕੁਝ ਵੀ ਨਹੀਂ ਹੁੰਦਾ। ਜਦੋਂ ਮੋਦੀ ਨੇ ਅਸ਼ਵਿਨੀ ਵੈਸ਼ਨਵ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਸੀ ਅਤੇ ਉਨ੍ਹਾਂ ਨੂੰ 3 ਮੁੱਖ ਵਿਭਾਗ ਦਿੱਤੇ ਤਾਂ ਇਸ ਦਾ ਸਿਹਰਾ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਦਾਖ਼ਲਾ ਦਿਵਾਇਆ ਸੀ ਪਰ ਹੁਣ ਇਹ ਸਭ ਇਤਿਹਾਸ ਹੈ। ਰਿਸ਼ਤਿਆਂ ਨੇ ਉਸ ਸਮੇਂ ਕੌੜਾ ਮੋੜ ਲੈ ਲਿਆ ਜਦੋਂ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ‘ਬੀ. ਜੇ. ਡੀ. ਮੁਕਤ’ ਓਡਿਸ਼ਾ ਦਾ ਸੱਦਾ ਦੇ ਦਿੱਤਾ। ਮੋਦੀ ਅਤੇ ਵੈਸ਼ਨਵ ਨੇ ਨਵੀਨ ਪਟਨਾਇਕ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਹੈ।

ਇਸ ਦੇ ਉਲਟ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਜੋ ਕਟਕ ਅਤੇ ਬਾਲਾਸੋਰ ਵਿੱਚ ਜ਼ਿਲਾ ਕੁਲੈਕਟਰ ਰਹਿ ਚੁੱਕੇ ਹਨ, ਰਾਜ ਵਲੋਂ ਰੇਲਵੇ ਪ੍ਰੋਜੈਕਟਾਂ ਲਈ ਮੰਗੇ ਗਏ ਫੰਡ ਨਾਲੋਂ ਵਧ ਰਕਮ ਅਲਾਟ ਕਰਵਾਉਣ ਵਿੱਚ ਕਾਮਯਾਬ ਰਹੇ।

ਮੋਦੀ ਨੇ ਓਡਿਸ਼ਾ ਲਈ ਕੇਂਦਰੀ ਖਜ਼ਾਨਾ ਖੋਲ੍ਹਿਆ। ਓਡਿਸ਼ਾ ਨੇ 8,400 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਮੋਦੀ ਨੇ 2023-24 ਲਈ 10,012 ਕਰੋੜ ਰੁਪਏ ਵੰਡੇ। ਇਹ ਅਲਾਟਮੈਂਟ ਸਰਕਾਰ ਦੀ ਉਮੀਦ ਨਾਲੋਂ 1600 ਕਰੋੜ ਰੁਪਏ ਵੱਧ ਹੈ । ਇਸ ਨਾਲ ਰਾਜ ਵਿੱਚ 57 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਜ਼ਾਹਿਰ ਹੈ ਕਿ ਵੈਸ਼ਨਵ ਓਡਿਸ਼ਾ ਵਿੱਚ ਭਾਜਪਾ ਦਾ ਚਿਹਰਾ ਹੋ ਸਕਦੇ ਹਨ ਜਿੱਥੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣਗੀਆਂ।


Rakesh

Content Editor

Related News