ਪ੍ਰਧਾਨ ਮੰਤਰੀ ਮੋਦੀ ਨੇ ਯੂਰਪੀ ਸੰਘ ਦੇ ਚੋਟੀ ਦੇ ਨੇਤਾਵਾਂ ਨਾਲ ਕੀਤੀ ਗੱਲਬਾਤ
Friday, Sep 05, 2025 - 02:01 PM (IST)

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ 27 ਦੇਸ਼ਾਂ ਦੇ ਯੂਰਪੀ ਸੰਘ (ਈਯੂ) ਦੇ ਚੋਟੀ ਦੇ ਨੇਤਾਵਾਂ ਐਂਟੋਨਿਓ ਕੋਸਟਾ ਅਤੇ ਉਰਸੁਲਾ ਵਾਨ ਡੇਰ ਲੇਯਨ ਨੇ ਫੋਨ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਤਿੰਨਾਂ ਨੇ ਨਿਯਮ-ਆਧਾਰਿਤ ਵਿਸ਼ਵ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਦਸੰਬਰ ਤੱਕ ਭਾਰਤ-ਯੂਰਪੀ ਸੰਘ ਮੁਫ਼ਤ ਵਪਾਰ ਸਮਝੌਤੇ (ਐਫਟੀਏ) ਨੂੰ ਅੰਤਿਮ ਰੂਪ ਦੇਣ ਦਾ ਸੰਕਲਪ ਲਿਆ। ਮੋਦੀ ਨੇ ਇਸ ਗੱਲਬਾਤ ਵਿੱਚ ਯੂਕ੍ਰੇਨ ਸੰਘਰਸ਼ ਦੇ ਸ਼ਾਂਤਮਈ ਹੱਲ ਲਈ ਭਾਰਤ ਦੇ ਲਗਾਤਾਰ ਯੋਗਦਾਨ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਰਤ ਸੰਸਾਰ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰੱਖੇਗਾ। ਦੋਹਾਂ ਯੂਰਪੀ ਨੇਤਾਵਾਂ ਨੇ ਵੀ ਇਸ ਭੂਮਿਕਾ ਨੂੰ ਮਹੱਤਵਪੂਰਨ ਕਰਾਰ ਦਿੱਤਾ।
ਨੇਤਾਵਾਂ ਨੇ ਇੰਡੀਆ-ਮਿਡਲ ਈਸਟ-ਯੂਰਪ ਇਕਾਨਾਮਿਕ ਕੌਰੀਡੋਰ (IMEEC) ਦੀ ਅਹਿਮੀਅਤ ‘ਤੇ ਵੀ ਚਰਚਾ ਕੀਤੀ। ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਖੇਤਰੀ ਏਕਤਾ ਅਤੇ ਆਰਥਿਕ ਤਰੱਕੀ ਲਈ ਮਹੱਤਵਪੂਰਨ ਹੈ। IMEEC ਪਹਿਲਕਦਮੀ ਨੂੰ 2023 ਵਿੱਚ ਦਿੱਲੀ ਵਿੱਚ ਹੋਏ G20 ਸੰਮੇਲਨ ਦੌਰਾਨ ਅੰਤਿਮ ਰੂਪ ਦਿੱਤਾ ਗਿਆ ਸੀ।
ਭਾਰਤ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨੇਤਾਵਾਂ ਨੇ ਵਿਸ਼ਵ ਮੁੱਦਿਆਂ ਨੂੰ ਇਕੱਠੇ ਹੱਲ ਕਰਨ ਅਤੇ ਆਪਸੀ ਖੁਸ਼ਹਾਲੀ ਲਈ ਇੱਕ ਨਿਯਮ-ਅਧਾਰਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ-ਈਯੂ ਰਣਨੀਤਕ ਭਾਈਵਾਲੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਤਿੰਨਾਂ ਨੇਤਾਵਾਂ ਵਿਚਕਾਰ ਫ਼ੋਨ 'ਤੇ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਭਾਰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੁਆਰਾ ਭਾਰਤੀ ਵਸਤੂਆਂ 'ਤੇ ਲਗਾਏ ਗਏ 50 ਪ੍ਰਤੀਸ਼ਤ ਟੈਰਿਫ ਦੇ ਪ੍ਰਭਾਵ ਨੂੰ ਘਟਾਉਣਾ ਚਾਹੁੰਦਾ ਹੈ।
ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਰੂਸ ਨੂੰ ਜੰਗ ਖਤਮ ਕਰਨ ਅਤੇ ਸ਼ਾਂਤੀ ਦੀ ਦਿਸ਼ਾ ਵਿਚ ਰਸਤਾ ਬਣਾਉਣ ਵਿਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਜੰਗ ਵਿਸ਼ਵ ਆਰਥਿਕ ਸਥਿਰਤਾ ਲਈ ਵੱਡਾ ਖ਼ਤਰਾ ਹੈ।
ਭਾਰਤ ਅਤੇ ਯੂਰਪੀ ਸੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਦੋਵੇਂ ਸੰਸਾਰ ਦੀਆਂ ਵੱਡੀਆਂ ਲੋਕਤੰਤਰਕ ਤਾਕਤਾਂ ਹਨ ਅਤੇ ਵਿਸ਼ਵ ਪੱਧਰ ਦੇ ਮੁੱਦਿਆਂ ਨੂੰ ਸਾਂਝੇ ਤੌਰ ‘ਤੇ ਹੱਲ ਕਰਨ ਲਈ ਵਚਨਬੱਧ ਹਨ। ਵਪਾਰ, ਨਵੀਨਤਾ, ਰੱਖਿਆ, ਸੁਰੱਖਿਆ ਅਤੇ ਸਪਲਾਈ ਚੇਨ ਦੀ ਮਜ਼ਬੂਤੀ ਵਰਗੇ ਖੇਤਰਾਂ ਵਿੱਚ ਵੀ ਤਰੱਕੀ ਦਾ ਜ਼ਿਕਰ ਕੀਤਾ ਗਿਆ।
ਤਿੰਨਾਂ ਆਗੂਆਂ ਨੇ ਭਾਰਤ ਵਿੱਚ ਅਗਲਾ ਭਾਰਤ-ਈਯੂ ਸਿਖਰ ਸੰਮੇਲਨ ਆਪਸੀ ਸੁਵਿਧਾਜਨਕ ਸਮੇਂ 'ਤੇ ਕਰਵਾਉਣ 'ਤੇ ਵੀ ਚਰਚਾ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਲਈ ਕੋਸਟਾ ਅਤੇ ਵਾਨ ਡੇਰ ਲੇਯਨ ਨੂੰ ਸੱਦਾ ਦਿੱਤਾ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ, ਮੋਦੀ ਨੇ ਗੱਲਬਾਤ ਨੂੰ "ਬਹੁਤ ਵਧੀਆ" ਦੱਸਿਆ।