ਵਾਰਾਨਸੀ ਨੂੰ ਮੋਦੀ ਦਾ ਤੋਹਫਾ, ਗੰਗਾ ’ਚ ਚੱਲਣਗੇ ਜਹਾਜ਼
Tuesday, Nov 13, 2018 - 08:11 AM (IST)
ਵਾਰਾਨਸੀ, (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਸੰਸਦੀ ਚੋਣ ਖੇਤਰ ਵਾਰਾਨਸੀ ਵਿਚ ਗੰਗਾ ਨਦੀ ’ਤੇ ਬਣੇ ਦੇਸ਼ ਦੇ ਪਹਿਲੇ ਮਲਟੀ ਮਾਡਲ ਟਰਮੀਨਲ ਨੂੰ ਬਟਨ ਦਬਾ ਕੇ ਰਾਸ਼ਟਰ ਨੂੰ ਸਮਰਪਤ ਕੀਤਾ। ਇਸ ਨਾਲ ਹੁਣ ਗੰਗਾ ਨਦੀ ਵਿਚ ਜਹਾਜ਼ ਚੱਲਣ ਦਾ ਰਸਤਾ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਟਰਮੀਨਲ ’ਤੇ ਕੋਲਕਾਤਾ ਤੋਂ ਆਏ ਪਹਿਲੇ ਭਾਰ-ਵਾਹਕ ਜਹਾਜ਼ ਦੀ ਅਗਵਾਈ ਵੀ ਕੀਤੀ। ਇਹ ਜਹਾਜ਼ ਬੀਤੇ ਮਹੀਨੇ ਅਕਤੂਬਰ ਦੇ ਆਖਰੀ ਹਫਤੇ ਵਿਚ ਕੋਲਕਾਤਾ ਤੋਂ ਕਾਸ਼ੀ ਲਈ ਰਵਾਨਾ ਹੋਇਆ ਸੀ।
ਪ੍ਰਧਾਨ ਮੰਤਰੀ ਨੇ 2413 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ ਵਾਰਾਨਸੀ ਨੂੰ ਦਿੱਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ-56 ਦੇ ਬਾਬਤਪੁਰ ਤੋਂ ਵਾਰਾਨਸੀ ਤੱਕ ਫੋਰਲੇਨ ਕਰਨ ਦੇ ਕੰਮ, ਵਾਰਾਨਸੀ ਰਿੰਗ ਰੋਡ ਫੇਜ਼-1, ਆਈ. ਡਬਲਯੂ. ਟੀ., ਸੀਵਰੇਜ ਟ੍ਰੀਟਮੈਂਟ ਪਲਾਂਟ ਸਮੇਤ ਵੱਖ-ਵੱਖ ਪ੍ਰਾਜੈਕਟਾਂ ਨੂੰ ਲੋਕਾਂ ਨੂੰ ਸਮਰਪਤ ਕੀਤਾ। ਇਸ ਤੋਂ ਇਲਾਵਾ ਮੋਦੀ ਇੰਟਰਸੈਪਸ਼ਨ ਡਾਈਵਰਸ਼ਨ ਆਫ ਡ੍ਰੇਨ ਐਂਡ ਟ੍ਰੀਟਮੈਂਟ ਵਰਕ ਐਟ ਰਾਮਨਗਰ-ਵਾਰਾਨਸੀ, ਕਿਲਾ ਕਟਰੀਆ ਮਾਰਗ ’ਤੇ ਆਈ. ਆਰ. ਕਿਊ. ਪੀ. ਦਾ ਕੰਮ, ਪੁਰਾਣੇ ਰਾਸ਼ਟਰੀ ਮਾਰਗ ਨੰਬਰ-7 ਪੜਾਅ ਰਾਮਨਗਰ (ਟੇਗਰਾ ਮੋੜ) ਮਾਰਗ ’ਤੇ ਆਈ. ਆਰ. ਕਿਊ. ਪੀ. ਦਾ ਕੰਮ, ਲਹਿਰਤਾਰਾ-ਕਾਸ਼ੀ ਹਿੰਦੂ ਕਾਲਜ ਮਾਰਗ ’ਤੇ ਫਲਾਈਓਵਰ ਫੁੱਟਪਾਥ ਦਾ ਨਿਰਮਾਣ, ਵਾਰਾਨਸੀ ਵਿਚ ਹੈਲੀਪੋਰਟ ਦਾ ਨਿਰਮਾਣ, ਡਰਾਈਵਰ ਸਿਖਲਾਈ ਕੇਂਦਰ ਦੀ ਸਥਾਪਨਾ ਕਾਰਜ ਆਦਿ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ।