PM ਮੋਦੀ ਨੇ ਬਜਟ ਨੂੰ ਦੱਸਿਆ ਇਤਿਹਾਸਕ, ਕਿਹਾ- ਹਰ ਵਰਗ ਦਾ ਸੁਫ਼ਨਾ ਹੋਵੇਗਾ ਪੂਰਾ
Wednesday, Feb 01, 2023 - 03:03 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਮ ਬਜਟ 2023-24 ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਵਿਕਸਿਤ ਭਾਰਤ ਦੇ 'ਵਿਰਾਟ ਸੰਕਲਪ' ਨੂੰ ਪੂਰਾ ਕਰਨ ਲਈ ਇਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ। ਸੰਸਦ ਦੇ ਦੋਹਾਂ ਸਦਨਾਂ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਆਮ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਇਕ ਵੀਡੀਓ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ,''ਇਹ ਬਜਟ ਗਰੀਬਾਂ ਨੂੰ ਪਹਿਲ ਦਿੰਦਾ ਹੈ, ਇਹ ਅੱਜ ਦੇ ਅਭਿਲਾਸ਼ੀ ਸਮਾਜ, ਪਿੰਡ, ਗਰੀਬ, ਕਿਸਾਨ, ਮੱਧਮ ਵਰਗ, ਸਾਰਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ।''
This year's Budget infuses new energy to India's development trajectory. #AmritKaalBudget https://t.co/lyV2SMgvvs
— Narendra Modi (@narendramodi) February 1, 2023
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇਣ ਵਾਲੇ ਬਜਟ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹਨ। ਬਜਟ 'ਚ ਪੀ.ਐੱਮ. ਵਿਕਾਸ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਰਕਾਰ ਅਜਿਹੇ ਮਿਹਨਤੀ ਅਤੇ ਰਚਨਾਤਮਕ ਲੋਕਾਂ ਲਈ ਬਜਟ 'ਚ ਪਹਿਲੀ ਵਾਰ ਯੋਜਨਾ ਲੈ ਕੇ ਆਈ ਹੈ, ਜਿਸ ਨਾਲ ਉਨ੍ਹਾਂ ਦੇ ਜੀਵਨ 'ਚ ਬਹੁਤ ਵੱਡੀ ਤਬਦੀਲੀ ਆਏਗੀ। ਉਨ੍ਹਾਂ ਕਿਹਾ,''ਪਿੰਡ ਤੋਂ ਲੈ ਕੇ ਸ਼ਹਿਰ ਤੱਕ 'ਚ ਰਹਿਣ ਵਾਲੀਆਂ ਸਾਡੀਆਂ ਔਰਤਾਂ ਦੇ ਜੀਵਨ ਪੱਧਰ 'ਚ ਤਬਦੀਲੀ ਲਿਆਉਣ ਲਈ ਕਈ ਵੱਡੇ ਕਦਮ ਉਠਾਏ ਗਏ ਹਨ, ਉਨ੍ਹਾਂ ਨੂੰ ਹੁਣ ਹੋਰ ਤਕਤ ਨਾਲ ਅੱਗੇ ਵਧਾਇਆ ਜਾਵੇਗਾ।''