ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ਵਿਕਸਿਤ ਹੁੰਦੇ ਭਾਰਤ ਦੀ ਇਕ ਸ਼ਾਨਦਾਰ ਤਸਵੀਰ : PM ਮੋਦੀ

Sunday, Feb 12, 2023 - 04:47 PM (IST)

ਜੈਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸ-ਵੇਅ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਦੌਸਾ 'ਚ ਆਯੋਜਿਤ ਪ੍ਰੋਗਰਾਮ 'ਚ ਮੋਦੀ ਨੇ ਰਿਮੋਟ ਦਬਾ ਕੇ 18,100 ਕਰੋੜ ਰੁਪਏ ਤੋਂ ਜ਼ਿਆਦਾ ਦੇ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਪੀ.ਐੱਮ. ਮੋਦੀ ਨੇ ਕਿਹਾ,"ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ 'ਤੇ ਮੈਨੂੰ ਬਹੁਤ ਮਾਣ ਹੋ ਰਿਹਾ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਐਕਸਪ੍ਰੈਸਵੇਅ 'ਚੋਂ ਇਕ ਹੈ। ਇਹ ਇਕ ਵਿਕਾਸਸ਼ੀਲ ਭਾਰਤ ਦੀ ਇਕ ਹੋਰ ਸ਼ਾਨਦਾਰ ਤਸਵੀਰ ਹੈ।'' ਉਨ੍ਹਾਂ ਕਿਹਾ ''ਜਦੋਂ ਅਜਿਹੀਆਂ ਆਧੁਨਿਕ ਸੜਕਾਂ ਬਣਦੀਆਂ ਹਨ, ਆਧੁਨਿਕ ਰੇਲਵੇ ਸਟੇਸ਼ਨ, ਟਰੇਨਾਂ, ਮੈਟਰੋ, ਹਵਾਈ ਅੱਡੇ ਬਣਦੇ ਹਨ ਤਾਂ ਦੇਸ਼ ਦੀ ਤਰੱਕੀ ਰਫ਼ਤਾਰ ਫੜਦੀ ਹੈ। ਦੁਨੀਆ 'ਚ ਬਹੁਤ ਸਾਰੇ ਅਧਿਐਨ ਹਨ ਜੋ ਦਰਸਾਉਂਦੇ ਹਨ ਕਿ ਬੁਨਿਆਦੀ ਢਾਂਚੇ 'ਚ ਨਿਵੇਸ਼ ਕੀਤੀ ਗਈ ਰਕਮ ਜ਼ਮੀਨ 'ਤੇ ਕਈ ਗੁਣਾ ਜ਼ਿਆਦਾ ਪ੍ਰਭਾਵ ਦਿਖਾਉਂਦੀ ਹੈ। ਬੁਨਿਆਦੀ ਢਾਂਚੇ 'ਚ ਹੋਣ ਵਾਲਾ ਨਿਵੇਸ਼ ਉਸ ਤੋਂ ਵੀ ਵੱਧ ਨਿਵੇਸ਼ ਨੂੰ ਆਕਰਸ਼ਿਤ ਕਰਦਾ ਹੈ। 

PunjabKesari

ਪੀ.ਐੱਮ. ਮੋਦੀ ਨੇ ਕਿਹਾ,''ਪਿਛਲੇ 9 ਸਾਲਾਂ ਤੋਂ ਕੇਂਦਰ ਸਰਕਾਰ ਵੀ ਬੁਨਿਆਦੀ ਢਾਂਚੇ 'ਤੇ ਲਗਾਤਾਰ ਬਹੁਤ ਵੱਡਾ ਨਿਵੇਸ਼ ਕਰ ਰਹੀ ਹੈ। ਰਾਜਸਥਾਨ 'ਚ ਵੀ ਰਾਜਮਾਰਗ ਲਈ ਬੀਤੇ ਸਾਲਾਂ 'ਚ 50,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਗਈ ਹੈ। ਇਸ ਸਾਲ 'ਚ ਬਜਟ 'ਚ ਅਸੀਂ ਬੁਨਿਆਦੀ ਢਾਂਚੇ ਲਈ 10 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਹ 2014 ਦੇ ਮੁਕਾਬਲੇ ਪੰਜ ਗੁਣਾ ਵੱਧ ਹੈ।'' ਉਨ੍ਹਾਂ ਕਿਹਾ,"ਰਾਜਸਥਾਨ ਨੂੰ ਇਸ ਨਿਵੇਸ਼ ਤੋਂ ਬਹੁਤ ਫਾਇਦਾ ਹੋਣ ਵਾਲਾ ਹੈ।" ਇਸ ਪ੍ਰੋਗਰਾਮ ਦੌਰਾਨ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਕੇਂਦਰੀ ਰਾਜ ਮੰਤਰੀ ਵੀਕੇ ਸਿੰਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਅਤੇ ਹੋਰ ਆਗੂ ਮੰਚ 'ਤੇ ਮੌਜੂਦ ਸਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

PunjabKesari

ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦਾ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ 247 ਕਿਲੋਮੀਟਰ ਲੰਬਾ ਹੈ, ਜਿਸ ਨੂੰ 12,173 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਸੈਕਸ਼ਨ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਜੈਪੁਰ ਦਾ ਸਫ਼ਰ ਦਾ ਸਮਾਂ ਪੰਜ ਘੰਟੇ ਤੋਂ ਘੱਟ ਕੇ ਸਾਢੇ ਤਿੰਨ ਘੰਟੇ ਰਹਿ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ 247 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ, ਜਿਨ੍ਹਾਂ ਨੂੰ 5940 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਣਾ ਹੈ। ਇਨ੍ਹਾਂ ਪ੍ਰਾਜੈਕਟਾਂ 'ਚ 2000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਹੋਣ ਵਾਲਾ ਬਾਂਦੀਕੁਈ ਤੋਂ ਜੈਪੁਰ ਤੱਕ 67 ਕਿਲੋਮੀਟਰ ਲੰਬੀ ਚਾਰ ਲੇਨ ਵਾਲਾ ਸ਼ਾਖਾ ਮਾਰਗ, ਲਗਭਗ 3775 ਕਰੋੜ ਰੁਪਏ ਅਤੇ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ ਲਾਲਸੋਟ-ਕਰੌਲੀ ਸੈਕਟਰ ਦੇ 2 ਲੇਨ ਵਾਲੇ ਪੱਕੇ ਕਿਨਾਰੇ (ਪੇਵਡ ਸ਼ੋਲਡਰ) ਸ਼ਾਮਲ ਹਨ। 

 


DIsha

Content Editor

Related News