PM ਮੋਦੀ ਨੇ ਦੇਸ਼ ਨੂੰ ਸਮਰਪਿਤ ਕੀਤੀ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ

Tuesday, Feb 07, 2023 - 10:05 AM (IST)

ਤੁਮਕੁਰੁ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਰਨਾਟਕ ਦੇ ਤੁਮਕੁਰੁ ਜ਼ਿਲ੍ਹੇ ’ਚ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਦੀ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਨਿਰਮਾਣ ਇਕਾਈ ਦਾ ਉਦਘਾਟਨ ਕੀਤਾ। ਇਸ ਮੌਕੇ ਪੀ. ਐੱਮ. ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਦੇ ਨਾਂ ’ਤੇ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਦੋਸ਼ ਲਾਏ ਗਏ ਅਤੇ ਲੋਕਾਂ ਨੂੰ ਭੜਕਾਉਣ ਦੀ ਸਾਜ਼ਿਸ਼ ਰਚੀ ਗਈ। ਗੁੱਬੀ ਤਾਲੁਕ ’ਚ ਐੱਚ. ਏ. ਐੱਲ. ਦੀ ਫੈਕਟਰੀ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਾਂਗਰਸ ਦਾ ਨਾਂ ਲਏ ਬਿਨਾਂ ਕਿਹਾ,‘‘ਅੱਜ, ਐੱਚ.ਏ.ਐੱਲ. ਦੀ ਹੈਲੀਕਾਪਟਰ ਫੈਕਟਰੀ ਇਕ ਗਵਾਹੀ ਦੇ ਰੂਪ ’ਚ ਖੜ੍ਹੀ ਹੈ, ਜਿਸ ਨੇ ਇਸ ਦੇ ਬਾਰੇ ਫੈਲਾਏ ਗਏ ਝੂਠ ਅਤੇ ਗਲਤ ਸੂਚਨਾ ਦਾ ਪਰਦਾਫਾਸ਼ ਕੀਤਾ ਹੈ।’’ ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਐੱਚ.ਏ.ਐੱਲ. ਤੋਂ ਰਾਫੇਲ ਸੰਧੀ ਖੋਹਣ ਅਤੇ ਇਸ ਨੂੰ ਅਨਿਲ ਅੰਬਾਨੀ ਦੀ ਕੰਪਨੀ ਨੂੰ ਤੋਹਫੇ ’ਚ ਦੇਣ ਦਾ ਦੋਸ਼ ਲਾਇਆ ਸੀ।

ਇਹ ਵੀ ਪੜ੍ਹੋ : ਬਾਥਰੂਮ 'ਚ ਨਹਾ ਰਹੇ ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ, ਮਾਸੂਮਾਂ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਰਾਹੁਲ ਗਾਂਧੀ ਨੇ ਕਿਹਾ ਸੀ,‘‘ਐੱਚ.ਏ.ਐੱਲ. ਤੋਂ ਰਾਫੇਲ ਖੋਹ ਕੇ ਅਨਿਲ ਅੰਬਾਨੀ ਨੂੰ ਤੋਹਫੇ ’ਚ ਦੇ ਕੇ ਭਾਰਤ ਦੇ ਐਰੋਸਪੇਸ ਉਦਯੋਗ ਦਾ ਭਵਿੱਖ ਨਸ਼ਟ ਕਰ ਦਿੱਤਾ ਗਿਆ ਹੈ।’’ ਕਾਂਗਰਸ ਨੇ ਭ੍ਰਿਸ਼ਟਾਚਾਰ ਅਤੇ ਪੱਖਪਾਤ ਦਾ ਦੋਸ਼ ਲਾਉਂਦੇ ਹੋਏ 58,000 ਕਰੋੜ ਰੁਪਏ ਦੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਸੀ। ਮੋਦੀ ਨੇ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ 2016 ’ਚ ਉਸ ਫੈਕਟਰੀ ਦਾ ਨੀਂਹ-ਪੱਥਰ ਰੱਖਿਆ ਸੀ, ਜਿਸ ਦਾ ਉਦਘਾਟਨ ਸੋਮਵਾਰ ਨੂੰ ਕੀਤਾ ਗਿਆ, ਇਸ ਸੰਕਲਪ ਦੇ ਨਾਲ ਕਿ ਭਾਰਤ ਨੂੰ ਆਪਣੀ ਰੱਖਿਆ ਦਰਾਮਦ ਨੂੰ ਘੱਟ ਕਰਨਾ ਹੈ ਅਤੇ ਆਤਮਨਿਰਭਰ ਬਣਨਾ ਹੈ। ਐੱਚ. ਏ. ਐੱਲ. ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8-9 ਸਾਲਾਂ ’ਚ ਐਰੋਸਪੇਸ ਖੇਤਰ ’ਚ ਨਿਵੇਸ਼ 2014 ਤੋਂ ਪਹਿਲਾਂ ਦੀ 15 ਸਾਲ ਦੀ ਮਿਆਦ ’ਚ ਹੋਏ ਨਿਵੇਸ਼ ਦੇ ਅੰਕੜੇ ਤੋਂ ਪੰਜ ਗੁਣਾ ਵੱਧ ਹੈ। ਬੈਂਗਲੁਰੂ ਹੈੱਡਕੁਆਰਟਰ ਵਾਲੀ ਐੱਚ.ਏ.ਐੱਲ. ਨੇ ਗੁੱਬੀ ਤਾਲੁਕ ’ਚ ਇਸ ਫੈਕਟਰੀ ’ਚ 20 ਸਾਲਾਂ ਦੀ ਮਿਆਦ ’ਚ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਕੁੱਲ ਕਾਰੋਬਾਰ ਨਾਲ 3-15 ਟਨ ਰੇਂਜ ਦੇ 1000 ਤੋਂ ਜ਼ਿਆਦਾ ਹੈਲੀਕਾਪਟਰਾਂ ਦਾ ਉਤਪਾਦਨ ਕਰਨ ਦੀ ਯੋਜਨਾ ਬਣਾਈ ਹੈ। ਇਹ ਫੈਕਟਰੀ 615 ਏਕੜ ’ਚ ਸਥਿਤ ਹੈ। ਸ਼ੁਰੂਆਤ ’ਚ ਇਸ ’ਚ ਲਾਈਟ ਯੂਟਿਲਿਟੀ ਹੈਲੀਕਾਪਟਰ (ਐੱਲ.ਯੂ.ਐੱਚ.) ਦਾ ਉਤਪਾਦਨ ਹੋਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News