ਕੋਰੋਨਾ ਆਫ਼ਤ ’ਚ ਵੀ ਖ਼ੁਦ ਨੂੰ ਚਮਕਾਉਣ ’ਚ ਲੱਗੇ ਰਹੇ PM ਮੋਦੀ: ਪਿ੍ਰਅੰਕਾ
Saturday, Jun 05, 2021 - 01:14 PM (IST)
ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਹਮਲਾ ਕੀਤਾ ਹੈ। ਪਿ੍ਰਅੰਕਾ ਨੇ ਕਿਹਾ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੇ ਮੁਕਾਬਲੇ ਦੀ ਤਿਆਰੀ ਕੀਤੀ ਜਾਣੀ ਸੀ ਤਾਂ ਪ੍ਰਧਾਨ ਮੰਤਰੀ ਉਸ ਸਮੇਂ ਮਹਾਮਾਰੀ ’ਤੇ ਜਿੱਤ ਹਾਸਲ ਕਰਨ ਦਾ ਐਲਾਨ ਕਰ ਕੇ ਖ਼ੁਦ ਦਾ ਚਿਹਰਾ ਚਮਕਾਉਣ ’ਚ ਰੁੱਝੇ ਰਹੇ। ਪਿ੍ਰਅੰਕਾ ਨੇ ‘ਜ਼ਿੰਮੇਵਾਰ ਕੌਣ’ ਮੁਹਿੰਮ ਤਹਿਤ ਸ਼ਨੀਵਾਰ ਨੂੰ ਫੇਸਬੁੱਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲਏ ਬਿਨਾਂ ਕਿਹਾ ਕਿ ਜਿਨ੍ਹਾਂ ਦੇ ਉੱਪਰ ਦੇਸ਼ ਬਚਾਉਣ ਦੀ ਜ਼ਿੰਮੇਵਾਰੀ ਸੀ, ਉਹ ਸਿਰਫ ਆਪਣਾ ਚਿਹਰਾ ਚਮਕਾਉਂਦੇ ਰਹੇ।
ਸਾਲ ਦੀ ਸ਼ੁਰੂਆਤ ਤੋਂ ਹੀ ਮੋਦੀ ਆਪਣੇ ਬੜਬੋਲੇ ਅਤੇ ਪ੍ਰਚਾਰ ਦੇ ਅੰਦਾਜ਼ ’ਚ ਵਾਰ-ਵਾਰ ਰਾਸ਼ਟਰੀ ਅਤੇ ਗਲੋਬਲ ਮੰਚਾਂ ’ਤੇ ਕੋਰੋਨਾ ਦੀ ਜੰਗ ਜਿੱਤਣ ਦਾ ਐਲਾਨ ਕਰ ਕੇ ਆਪਣੇ ਚਿਹਰਾ ਚਮਕਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਕੋਰੋਨਾ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਦਾ ਸਮਾਂ ਸੀ ਪਰ ਮੋਦੀ ਸਰਕਾਰ ਨੇ ਉਦੋਂ ਕੋਰੋਨਾ ਲਈ ਤੈਅ ਬੈੱਡਾਂ ਦੀ ਗਿਣਤੀ ਘੱਟ ਕੀਤੀ ਅਤੇ ਲਗਾਤਾਰ ਆਕਸੀਜਨ ਬੈੱਡ, ਆਈ. ਸੀ. ਯੂ. ਅਤੇ ਵੈਂਟੀਲੇਟਰ ਘਟਾਏ ਜਾ ਰਹੇ ਹਨ।
ਮੋਦੀ ਸਰਕਾਰ ’ਤੇ ਸਿਹਤ ਬਜਟ ’ਚ ਕਟੌਤੀ ਦਾ ਦੋਸ਼ ਲਾਉਂਦੇ ਹੋਏ ਉਨਾਂ ਨੇ ਕਿਹਾ ਕਿ ਮੋਦੀ 2014 ਵਿਚ ਸੱਤਾ ’ਚ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਸਿਹਤ ਬਜਟ ’ਚ 20 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਪਿਛਲੇ ਸਾਲ ਸਿਹਤ ਮਾਮਲਿਆਂ ਦੀ ਸੰਸਦੀ ਕਮੇਟੀ ਨੇ ਕੋਰੋਨਾ ਦੀ ਭਿਆਨਕਤਾ ਦਾ ਜ਼ਿਕਰ ਕਰਦਿਆਂ ਹਸਪਤਾਲ ਦੇ ਬੈੱਡਾਂ, ਆਕਸੀਜਨ ਦੀ ਉਪਲੱਬਧਤਾ ’ਤੇ ਵਿਸ਼ੇਸ਼ ਫੋਕਸ ਕਰਨ ਦੀ ਗੱਲ ਆਖੀ ਪਰ ਸਰਕਾਰ ਨੇ ਇਸ ’ਤੇ ਧਿਆਨ ਨਹੀਂ ਦਿੱਤਾ।