PM ਮੋਦੀ ਨੂੰ ਮਿਲਿਆ ਓਮਾਨ ਦਾ ਸਰਵਉੱਚ ਨਾਗਰਿਕ ਸਨਮਾਨ, ''ਆਰਡਰ ਆਫ਼ ਓਮਾਨ'' ਨਾਲ ਸਨਮਾਨਿਤ
Thursday, Dec 18, 2025 - 04:54 PM (IST)
ਮਸਕਟ (ਭਾਸ਼ਾ)- ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਨਾਗਰਿਕ ਸਨਮਾਨ "ਆਰਡਰ ਆਫ਼ ਓਮਾਨ" ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ 2 ਦਿਨਾਂ ਓਮਾਨ ਦੌਰੇ ਦੌਰਾਨ ਦਿੱਤਾ ਗਿਆ। ਆਪਣੇ 3 ਦੇਸ਼ਾਂ ਦੇ ਦੌਰੇ ਦੌਰਾਨ, ਮੋਦੀ ਪਹਿਲਾਂ ਜਾਰਡਨ ਅਤੇ ਇੰਡੋਨੇਸ਼ੀਆ ਦਾ ਦੌਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਨਮਾਨ ਸਣੇ ਦੂਜੇ ਦੇਸ਼ਾਂ ਵਿਚ 28 ਤੋਂ ਵੱਧ ਹੋਰ ਸਰਵਉੱਚ ਨਾਗਰਿਕ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਹਾਲ ਹੀ ਵਿੱਚ, ਉਨ੍ਹਾਂ ਨੂੰ ਇਥੋਪੀਆ ਵਿੱਚ "ਗ੍ਰੇਟ ਆਨਰ ਨਿਸ਼ਾਨ ਆਫ ਇਥੋਪੀਆ" ਅਤੇ ਕੁਵੈਤ ਵਿੱਚ "ਆਰਡਰ ਆਫ਼ ਮੁਬਾਰਕ ਅਲ-ਕਬੀਰ" ਨਾਲ ਸਨਮਾਨਿਤ ਕੀਤਾ ਗਿਆ ਸੀ। ਮੋਦੀ ਭਾਰਤ ਅਤੇ ਓਮਾਨ ਵਿਚਕਾਰ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾਉਣ ਲਈ ਓਮਾਨ ਦੇ ਦੌਰੇ 'ਤੇ ਹਨ। ਇਸ ਦੌਰੇ ਦੌਰਾਨ, ਦੋਵੇਂ ਧਿਰਾਂ ਵਪਾਰ, ਨਿਵੇਸ਼, ਊਰਜਾ, ਰੱਖਿਆ ਅਤੇ ਸੱਭਿਆਚਾਰ ਵਿੱਚ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਮਸਕਟ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ 'ਗਾਰਡ ਆਫ਼ ਆਨਰ' ਦਿੱਤਾ ਗਿਆ।
