ਬੰਗਾਲ ’ਚ ਬੰਪਰ ਪੋਲਿੰਗ ਨਾਲ ਸੱਤਾ ਤਬਦੀਲੀ ਦੇ ਸੰਕੇਤ : ਮੋਦੀ
Friday, Apr 24, 2026 - 12:35 AM (IST)
ਮਥੁਰਾਪੁਰ (ਪੱਛਮੀ ਬੰਗਾਲ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ 4 ਮਈ ਨੂੰ ਵੋਟਾਂ ਦੀ ਗਿਣਤੀ ਵਾਲਾ ਦਿਨ ਬੰਗਾਲ ’ਚ ‘ਟੀ. ਐੱਮ. ਸੀ. ਦੀ 15 ਸਾਲ ਪੁਰਾਣੀ ਸਿੰਡੀਕੇਟ ਪ੍ਰਣਾਲੀ ਅਤੇ ਮਹਾ-ਜੰਗਲਰਾਜ’ ਦੀ ‘ਸਮਾਪਤੀ’ ਦਾ ਦਿਨ ਹੋਵੇਗਾ। ਮੋਦੀ ਨੇ ਦੱਖਣ 24 ਪਰਗਨਾ ਜ਼ਿਲੇ ਦੇ ਮਥੁਰਾਪੁਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਣ ਵਾਲੇ ਕਾਕਦੀਪ ਸਟੇਡੀਅਮ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸੂਬੇ ’ਚ ਬੰਪਰ ਪੋਲਿੰਗ ਤੋਂ ਸੰਕੇਤ ਮਿਲਦਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ‘ਡਰ’ ਦਾ ਸ਼ਾਸਨ ਭਾਜਪਾ ਵੱਲੋਂ ਕੀਤੇ ਗਏ ‘ਭਰੋਸੇ’ ਦੇ ਵਾਅਦੇ ਨਾਲ ‘ਯਕੀਨੀ ਤੌਰ ’ਤੇ ਹਾਰ ਰਿਹਾ ਹੈ’।
ਮੋਦੀ ਨੇ ਕਿਹਾ, ‘‘ਬੰਗਾਲ ’ਚ ਇਕ ਵੀ ਅਜਿਹਾ ਖੇਤਰ ਨਹੀਂ ਹੈ ਜਿੱਥੇ ਰਿਸ਼ਵਤ ਤੋਂ ਬਿਨਾਂ ਕੰਮ ਹੁੰਦਾ ਹੋਵੇ, ਜਿੱਥੇ ਤ੍ਰਿਣਮੂਲ ਦੇ ਸਿੰਡੀਕੇਟ ਅਤੇ ਉਨ੍ਹਾਂ ਦੇ ਵਿਚੋਲੇ ਕਮੀਸ਼ਨ ਨਾ ਲੈਂਦੇ ਹੋਣ। 15 ਸਾਲ ਪੁਰਾਣੀ ਸਿੰਡੀਕੇਟ ਪ੍ਰਣਾਲੀ ਅਤੇ ਤ੍ਰਿਣਮੂਲ ਦਾ ‘ਮਹਾ-ਜੰਗਲਰਾਜ’ 4 ਮਈ ਨੂੰ ਖਤਮ ਹੋ ਰਿਹਾ ਹੈ।’’ ਮਮਤਾ ਬੈਨਰਜੀ ਸਰਕਾਰ ਨੂੰ ‘ਝੂਠੇ ਵਾਅਦੇ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ’ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਸੂਬੇ ਦੀ ਸੱਤਾਧਾਰੀ ਪਾਰਟੀ ਵੱਲੋਂ ਕੀਤੇ ਗਏ ‘ਟੁੱਟੇ ਵਾਅਦਿਆਂ’ ਦੀ ਇਕ ਸੂਚੀ ਗਿਣਾਈ।
ਮੋਦੀ ਨੇ ਕਿਹਾ, ‘‘ਮੁੱਖ ਜ਼ਮੀਨ ਨੂੰ ਸਾਗਰ ਟਾਪੂ ਨਾਲ ਜੋੜਨ ਵਾਲੇ ਪੁਲ ਦਾ ਨਿਰਮਾਣ, ਜਿੱਥੇ ਗੰਗਾਸਾਗਰ ਮੇਲਾ ਆਯੋਜਿਤ ਹੁੰਦਾ ਹੈ, ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ ਅਤੇ ਲੋਕਾਂ ਨੂੰ ਅਜੇ ਤੱਕ ਕਿਸ਼ਤੀ ’ਤੇ ਨਿਰਭਰ ਰਹਿਣਾ ਪੈਂਦਾ ਹੈ।’’ ਉਨ੍ਹਾਂ ਕਿਹਾ, ‘‘ਇਸੇ ਤਰ੍ਹਾਂ, ਹੜ੍ਹ ਕੰਟਰੋਲ ਲਈ ਘਾਟਾਲ ਮਾਸਟਰ ਪਲਾਨ ਵੀ ਸ਼ੁਰੂ ਹੀ ਨਹੀਂ ਹੋ ਸਕਿਆ ਹੈ ਅਤੇ ਜ਼ਿਲਾ-ਆਧਾਰਿਤ ਫੂਡ ਪਾਰਕ ਤੇ ਨਦੀ ਕੰਢੇ ਦੇ ਖੋਰੇ ਨਾਲ ਨਜਿੱਠਣ ਦੀਆਂ ਯੋਜਨਾਵਾਂ ਵੀ ਅਜੇ ਤੱਕ ਸਾਕਾਰ ਨਹੀਂ ਹੋ ਸਕੀਆਂ ਹਨ।’’
