ਤਿੰਨ ਤਲਾਕ ਪੀੜਤਾ ਦਾ PM ਮੋਦੀ ਨੇ ਵਧਾਇਆ ਹੌਂਸਲਾ, ਜ਼ਿੰਦਗੀ 'ਚ ਤਰੱਕੀ ਲਈ ਦਿੱਤਾ ਇਹ ਮੰਤਰ
Wednesday, Dec 29, 2021 - 02:07 PM (IST)
ਕਾਨਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਕਾਨਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਦੀ ਲਾਭਪਾਤਰ ਫਰਜ਼ਾਨਾ ਨਾਲ ਗੱਲਬਾਤ ਕੀਤੀ। ਜ਼ਿਲ੍ਹੇ ਦੇ ਕਿਦਵਈਨਗਰ ਦੀ ਰਹਿਣ ਵਾਲੀ ਫਰਜ਼ਾਨਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ 4 ਸਾਲ ਪਹਿਲਾਂ ਤਿੰਨ ਤਲਾਕ ਰਾਹੀਂ ਤਲਾਕ ਦੇ ਦਿੱਤਾ ਸੀ। ਉਸ ਨੇ ਕਿਹਾ ਕਿ ਹੁਣ ਉਹ ਲਾਕਡਾਊਨ ਦੌਰਾਨ ਪੀ.ਐੱਮ. ਸਵਾਨਿਧੀ ਯੋਜਨਾ ਦੇ ਅਧੀਨ ਲਏ ਗਏ ਕਰਜ਼ੇ ਦੀ ਮਦਦ ਨਾਲ ਡੋਸਾ ਅਤੇ ਇਡਲੀ ਵੇਚ ਕੇ ਇਕ ਛੋਟਾ ਫਾਸਟ ਫੂਡ ਜੁਆਇੰਟ ਚਲਾਉਂਦੀ ਹੈ। ਜਦੋਂ ਉਸ ਨੇ ਪੀ.ਐੱਮ. ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਕ ਤਸਵੀਰ ਲਈ ਅਪੀਲ ਕੀਤੀ ਕਿ ਉਹ ਆਪਣੀ ਛੋਟੀ ਜਿਹੀ ਦੁਕਾਨ 'ਚ ਤਸਵੀਰ ਲਗਾਏਗੀ। ਇਸ 'ਤੇ ਮੋਦੀ ਨੇ ਔਰਤ ਦੇ ਸਿਰ 'ਤੇ ਹੱਥ ਰੱਖਦੇ ਹੋਏ ਕਿਹਾ ਕਿ ਹਿੰਮਤ ਰੱਖੋ, ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ,''ਧੀਆਂ ਨੂੰ ਪੜ੍ਹਾਓ, ਉਹ ਆਤਮਵਿਸ਼ਵਾਸ ਨਾਲ ਭਰ ਜਾਣਗੀਆਂ।''
In Kanpur, had a satisfying interaction with beneficiaries of various Government schemes. Have a look… pic.twitter.com/PM8T5GbG7y
— Narendra Modi (@narendramodi) December 28, 2021
ਪੀੜਤਾ ਨੇ ਪੀ.ਐੱਮ. ਮੋਦੀ ਨੂੰ ਕਿਹਾ,''ਮੈਂ ਤੁਹਾਡੇ ਕਾਰਨ ਆਪਣੀਆਂ 2 ਧੀਆਂ ਨੂੰ ਸਿੱਖਿਅਤ ਕਰ ਪਾ ਰਹੀ ਹਾਂ, ਮੈਂ ਸਿਰਫ਼ ਇੰਨਾ ਚਾਹੁੰਦੀ ਹਾਂ ਕਿ ਮੇਰੀਆਂ ਧੀਆਂ ਚੰਗੀ ਤਰ੍ਹਾਂ ਪੜ੍ਹਨ। ਮੈਂ ਬਹੁਤ ਬੁਰੇ ਦਿਨ ਦੇਖੇ ਹਨ। 4 ਸਾਲ ਪਹਿਲਾਂ, ਪਤੀ ਨੇ ਤਲਾਕ ਦਿੱਤਾ ਅਤੇ ਮੈਨੂੰ 2 ਧੀਆਂ ਨਾਲ ਘਰ ਛੱਡਣਾ ਪਿਆ। ਮੇਰਾ ਮਾਮਲਾ ਹਾਲੇ ਵੀ ਅਦਾਲਤ 'ਚ ਹੈ। ਮੇਰੀਆਂ ਧੀਆਂ ਕੋਲ ਕੋਈ ਘਰ ਨਹੀਂ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹਾਈ ਕਰਨ। ਉਸ ਨੇ ਪੀ.ਐੱਮ. ਨੂੰ ਇਹ ਵੀ ਦੱਸਿਆ ਕਿ ਕਿਵੇਂ ਉਸ ਨੂੰ ਪਹਿਲਾਂ ਕਢਾਈ ਦਾ ਕੰਮ ਦਿੱਤਾ ਜਾਂਦਾ ਸੀ ਅਤੇ ਬਾਅਦ 'ਚ ਉਸ ਨੇ ਇਕ ਰੈਸਟੋਰੈਂਟ 'ਚ ਕੰਮ ਕਰਦੇ ਹੋਏ ਦੱਖਣੀ ਭਾਰਤੀ ਖਾਣਾ ਬਣਾਉਣਾ ਸਿੱਖਿਆ ਅਤੇ ਇਕ ਛੋਟਾ ਆਊਟਲੇਟ ਚਲਾਉਂਦੀ ਹੈ। ਦੱਸਣਯੋਗ ਹੈ ਕਿ ਫਰਜ਼ਾਨਾ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ 25 ਲਾਭਪਾਤਰਾਂ 'ਚ ਸ਼ਾਮਲ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ