PDPU ਦੇ ਵਿਦਿਆਰਥੀਆਂ ਨੂੰ ਬੋਲੇ PM ਮੋਦੀ- ਤੁਸੀਂ ਬਣੋਗੇ ਦੇਸ਼ ਦੀ ਨਵੀਂ ਤਾਕਤ
Saturday, Nov 21, 2020 - 12:42 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ਨੀਵਾਰ ਨੂੰ ਗੁਜਰਾਤ ਦੇ ਗਾਂਧੀਨਗਰ ਸਥਿਤ ਪੰਡਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ 8ਵੇਂ ਦੀਸ਼ਾਂਤ ਸਮਾਰੋਹ ਨੂੰ ਸੰਬੋਧਿਤ ਕੀਤਾ। ਵੀਡੀਓ ਕਾਨਫਰੈਂਸਿੰਗ ਜ਼ਰੀਏ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਥਾ ਕੋਲ ਹੋਣਹਾਰ ਵਿਦਿਆਰਥੀ ਹਨ, ਜੋ ਕਿ ਦੇਸ਼ ਦੀ ਨਵੀਂ ਤਾਕਤ ਬਣਨਗੇ। ਅੱਜ ਜੋ ਸਾਥੀ ਗਰੈਜੂਏਟ ਹੋ ਰਹੇ ਹਨ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਬਹੁਤ-ਬਹੁਤ ਵਧਾਈ। ਇਸ ਮੌਕੇ ਉਨ੍ਹਾਂ ਨੇ ਯੂਨੀਵਰਸਿਟੀ 'ਚ ਮੋਨੋਕ੍ਰਿਸਟਲਾਈਨ ਸੋਲਰ ਫੋਟੋ ਵੋਲਟਾਈਕ ਪੈਨਲ ਦੇ 45 ਮੈਗਾਵਾਟ ਦੇ ਉਤਪਾਦਨ ਪਲਾਂਟ ਦਾ ਆਨਲਾਈਨ ਉਦਘਾਟਨ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਸਮਾਂ ਸੀ, ਜਦੋਂ ਲੋਕ ਸਵਾਲ ਚੁੱਕਦੇ ਸਨ ਕਿ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਕਿੰਨਾ ਕੁ ਅੱਗੇ ਵੱਧ ਸਕਣਗੀਆਂ। ਪਰ ਇੱਥੋਂ ਦੇ ਵਿਦਿਆਰਥੀਆਂ ਨੇ, ਪ੍ਰੋਫ਼ੈਸਰਾਂ ਨੇ ਅਤੇ ਇੱਥੋਂ ਨਿਕਲੇ ਪ੍ਰੋਫ਼ੈਸ਼ਨਲਸ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ। ਅੱਜ ਤੁਸੀਂ ਅਜਿਹੇ ਸਮੇਂ ਵਿਚ ਇੰਡਸਰੀ ਵਿਚ ਕਦਮ ਰੱਖ ਰਹੇ ਹੋ, ਜਦੋਂ ਕੋਰੋਨਾ ਲਾਗ ਦੇ ਚੱਲਦੇ ਪੂਰੀ ਦੁਨੀਆ ਦੇ ਊਰਜਾ ਖੇਤਰ ਵਿਚ ਵੀ ਵੱਡੇ ਬਦਲਾਅ ਹੋ ਰਹੇ ਹਨ। ਅਜਿਹੇ ਵਿਚ ਭਾਰਤ ਵਿਚ ਊਰਜਾ ਖੇਤਰ 'ਚ ਗਰੋਥ ਦੀ, ਉੱਦਮ ਦੀ, ਰੁਜ਼ਗਾਰ ਦੀਆਂ ਕਈ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਉਦਯੋਗ ਸਮੇਤ ਕਈ ਖੇਤਰਾਂ ਵਿਚ ਆਪਣਾ ਵਿਸਥਾਰ ਕੀਤਾ ਹੈ। ਉਸ ਤਰ੍ਹਾਂ ਇਸ ਨੂੰ ਊਰਜੀ (ਐਨਰਜੀ) ਯੂਨੀਵਰਸਿਟੀ ਦੇ ਰੂਪ ਵਿਚ ਤਬਦੀਲ ਕਰੋ। ਗੁਜਰਾਤ ਸਰਕਾਰ ਤੋਂ ਮੈਂ ਇਸ ਲਈ ਬੇਨਤੀ ਕਰਦਾ ਹਾਂ। ਉਸ ਦੀ ਕਲਪਨਾ ਮੈਂ ਹੀ ਕੀਤੀ ਸੀ। ਜੇਕਰ ਵਿਚਾਰ ਠੀਕ ਲੱਗੇ ਤਾਂ ਉਸ ਨੂੰ ਅੱਗੇ ਵਧਾਓ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਆਪਣੇ ਕਾਰਬਨ ਫੂਟਪ੍ਰਿੰਟ ਨੂੰ 30-35 ਫ਼ੀਸਦੀ ਤੱਕ ਘੱਟ ਕਰਨ ਦਾ ਟੀਚਾ ਲੈ ਕੇ ਅੱਗੇ ਵੱਧ ਰਿਹਾ ਹੈ। ਕੋਸ਼ਿਸ਼ ਹੈ ਕਿ ਇਸ ਦਹਾਕੇ ਵਿਚ ਆਪਣੀ ਊਰਜਾ ਜ਼ਰੂਰਤਾਂ 'ਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ ਅਸੀਂ 4 ਗੁਣਾ ਤੱਕ ਵਧਾਵਾਂਗੇ। ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਕ ਅਜਿਹੇ ਸਮੇਂ ਵਿਚ ਗਰੈਜੂਏਟ ਹੋਣਾ, ਜਦੋਂ ਦੁਨੀਆ ਇੰਨੇ ਵੱਡੀ ਆਫ਼ਤ ਨਾਲ ਜੂਝ ਰਹੀ ਹੈ, ਇਹ ਕੋਈ ਆਸਾਨ ਗੱਲ ਨਹੀਂ ਹੈ। ਤੁਹਾਡੀਆਂ ਸਮਰੱਥਾਵਾਂ ਇਨ੍ਹਾਂ ਚੁਣੌਤੀਆਂ ਤੋਂ ਕਿਤੇ ਜ਼ਿਆਦਾ ਵੱਡੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਅਜਿਹਾ ਨਹੀਂ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਕਿਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋਵੋਗੇ। ਪਰ ਜੋ ਚੁਣੌਤੀ ਨੂੰ ਸਵੀਕਾਰ ਕਰਦਾ ਹੈ, ਮੁਕਾਬਲਾ ਕਰਦਾ ਹੈ, ਹੱਲ ਕਰਦਾ ਹੈ, ਉਹ ਜ਼ਰੂਰ ਸਫ਼ਲ ਹੁੰਦਾ ਹੈ।