PM ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਵਿਦੇਸ਼ ਯਾਤਰਾਵਾਂ

12/24/2022 10:21:30 AM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਯਾਤਰਾਵਾਂ ਦੇ ਸੰਬੰਧ ਵਿਚ ਸਾਬਕਾ ਪ੍ਰਧਾਨ ਮੰਤਰੀ. ਡਾ. ਮਨਮੋਹਨ ਸਿੰਘ ਦੇ ਰਿਕਾਰਡ ਨੂੰ ਪਾਰ ਕਰਨ ਦੇ ਕੰਢੇ ’ਤੇ ਹਨ। ਮਨਮੋਹਨ ਸਿੰਘ ਨੇ 73 ਵਿਦੇਸ਼ ਯਾਤਰਾਵਾਂ (2004-2009 ਦੌਰਾਨ 35 ਅਤੇ ਦੂਜੇ ਕਾਰਜਕਾਲ 2009-2014 ਦੌਰਾਨ 38) ਕੀਤੀਆਂ। ਉਨ੍ਹਾਂ ਦੀ 10 ਸਾਲ ਦੀ ਮਿਆਦ ਦੌਰਾਨ ਇਨ੍ਹਾਂ ਯਾਤਰਾਵਾਂ ’ਤੇ 699 ਕਰੋੜ ਰੁਪਏ ਖਰਚ ਕੀਤੇ ਗਏ।

ਪ੍ਰਧਾਨ ਮੰਤਰੀ ਮੋਦੀ ਨੇ ਪਾਇਆ ਵੈਸ਼ਵਿਕ ਪ੍ਰਭਾਵ

ਇਸ ਦੀ ਤੁਲਨਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਮਈ, 2014 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਨਵੰਬਰ 2022 ਤੱਕ 69 ਵਿਦੇਸ਼ ਯਾਤਰਾਵਾਂ ਕੀਤੀਆਂ ਹਨ। ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ 49 ਅਤੇ ਦੂਜੇ ਕਾਰਜਕਾਲ ਵਿਚ ਹੁਣ ਤੱਕ 20 ਯਾਤਰਾਵਾਂ ਕੀਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਕੋਲ ਆਪਣੇ 10 ਸਾਲ ਦੇ ਸ਼ਾਸਨ ਨੂੰ ਪੂਰਾ ਕਰਨ ਵਿਚ 17 ਮਹੀਨੇ ਬਾਕੀ ਹਨ ਅਤੇ ਸੰਭਵ ਹੈ ਕਿ ਉਹ ਡਾ. ਮਨਮੋਹਨ ਸਿੰਘ ਦੇ ਰਿਕਾਰਡ ਨੂੰ ਪਾਰ ਕਰ ਜਾਣ ਪਰ ਪ੍ਰਭਾਵ ਦੇ ਲਿਹਾਜ਼ ਨਾਲ ਇਹ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਵੱਧ ਵੈਸ਼ਵਿਕ ਪ੍ਰਭਾਵ ਪਾਇਆ।

ਪ੍ਰਧਾਨ ਮੰਤਰੀ ਮੋਦੀ ਵਿਦੇਸ਼ਾਂ 'ਚ ਭਾਰਤੀ ਮੂਲ ਦੇ ਲੋਕਾਂ ਨੂੰ ਕਰਦੇ ਹਨ ਸੰਬੋਧਿਤ

ਮਨਮੋਹਨ ਸਿੰਘ ਕਦੇ ਵੀ ਆਪਣੀਆਂ ਵਿਦੇਸ਼ ਯਾਤਰਾਵਾਂ ਦੀ ਗੱਲ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਵਿਚ ਭਰੋਸਾ ਨਹੀਂ ਕਰਦੇ ਸਨ ਅਤੇ ਵਿਦੇਸ਼ਾਂ ਵਿਚ ਭਾਰਤੀ ਪ੍ਰਵਾਸੀਆਂ ਨੂੰ ਲੁਭਾਉਂਦੇ ਨਹੀਂ ਸਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਯਕੀਨੀ ਬਣਾਇਆ ਕਿ ਉਹ ਵਿਦੇਸ਼ ਵਿਚ ਜਿੱਥੇ ਵੀ ਜਾਣਗੇ, ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਨਗੇ।

ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਬਣਾਇਆ ਯਕੀਨੀ

ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਉਣ ਲਈ ਕਈ ਕਦਮ ਉਠਾਏ। ਇਨ੍ਹਾਂ ਯਾਤਰਾਵਾਂ ’ਤੇ ਖਰਚ ਕੀਤੇ ਗਏ ਪੈਸੇ ਦੇ ਸੰਦਰਭ ਵਿਚ ਮੁਹੱਈਆਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ 63 ਵਿਦੇਸ਼ੀ ਯਾਤਰਾਵਾਂ ’ਤੇ 623.82 ਕਰੋੜ ਰੁਪਏ ਦੀ ਹੀ ਰਾਸ਼ੀ ਖਰਚ ਕੀਤੀ ਗਈ ਸੀ। 

ਪ੍ਰਧਾਨ ਮੰਤਰੀ ਮੋਦੀ 8 ਸਾਲਾਂ 'ਚ 181 ਦਿਨ ਵਿਦੇਸ਼ੀ ਧਰਤੀ ’ਤੇ ਰਹੇ

ਬਾਕੀ 6 ਯਾਤਰਾਵਾਂ ’ਤੇ ਖਰਚ ਕੀਤੀ ਗਈ ਰਾਸ਼ੀ ਕੇਂਦਰੀ ਗ੍ਰਹਿ ਮਾਮਲਿਆਂ ਅਤੇ ਭਾਰਤੀ ਹਵਾਈ ਫੌਜ ਵਲੋਂ ਅਫੋਰਡ ਕੀਤੀ ਗਈ ਸੀ ਪਰ ਇਨ੍ਹਾਂ 6 ਯਾਤਰਾਵਾਂ ’ਤੇ ਖਰਚ ਕੀਤੀ ਗਈ ਰਾਸ਼ੀ ਦਾ ਵੇਰਵਾ ਮੁਹੱਈਆ ਨਹੀਂ ਹੈ। ਮਨਮੋਹਨ ਸਿੰਘ ਨੇ 699 ਕਰੋੜ ਰੁਪਏ ਖਰਚ ਕੀਤੇ। ਪ੍ਰਧਾਨ ਮੰਤਰੀ ਮੋਦੀ 8 ਸਾਲਾਂ ਵਿਚ 181 ਦਿਨ ਵਿਦੇਸ਼ੀ ਧਰਤੀ ’ਤੇ ਰਹੇ, ਜਦਕਿ ਮਨਮੋਹਨ ਸਿੰਘ 10 ਸਾਲਾਂ 'ਚ 149 ਦਿਨ ਵਿਦੇਸ਼ 'ਚ ਰਹੇ।


Tanu

Content Editor

Related News