ਵਰਕਰਾਂ ਨੂੰ ਸੰਬੋਧਨ ਦੌਰਾਨ ਬੋਲੇ PM ਮੋਦੀ- 3 ਕਾਰਨਾਂ ਕਰ ਕੇ ਮਹੱਤਵਪੂਰਨ ਹੈ ਭਾਜਪਾ ਦਾ ਸਥਾਪਨਾ ਦਿਵਸ

Wednesday, Apr 06, 2022 - 10:40 AM (IST)

ਵਰਕਰਾਂ ਨੂੰ ਸੰਬੋਧਨ ਦੌਰਾਨ ਬੋਲੇ PM ਮੋਦੀ- 3 ਕਾਰਨਾਂ ਕਰ ਕੇ ਮਹੱਤਵਪੂਰਨ ਹੈ ਭਾਜਪਾ ਦਾ ਸਥਾਪਨਾ ਦਿਵਸ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਦੇ ਸਾਹਮਣੇ ਅੱਜ ਇਕ ਅਜਿਹਾ ਭਾਰਤ ਹੈ ਜੋ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਹਿੱਤਾਂ ਲਈ ਡਟ ਕੇ ਖੜ੍ਹਾ ਹੈ ਅਤੇ ਜਦੋਂ ਪੂਰੀ ਦੁਨੀਆ ਦੋ ਵਿਰੋਧੀ ਧਰੁਵਾਂ ਵਿਚ ਵੰਡੀ ਹੋਵੇ, ਉਦੋਂ ਭਾਰਤ ਨੂੰ ਦੇਖਿਆ ਜਾ ਰਿਹਾ ਹੈ। ਇਕ ਦੇਸ਼ ਵਜੋਂ ਜੋ ਮਨੁੱਖਤਾ ਦੀ ਦ੍ਰਿੜਤਾ ਨਾਲ ਗੱਲ ਕਰ ਸਕਦਾ ਹੈ। ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 42ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਵੀਡੀਓ ਕਾਨਫਰੰਸ ਰਾਹੀਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ,“ਸਾਡੀ ਸਰਕਾਰ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ। ਅੱਜ ਦੇਸ਼ ਦੀਆਂ ਨੀਤੀਆਂ ਵੀ ਹਨ, ਤੈਅ ਵੀ ਹਨ। ਅੱਜ ਦੇਸ਼ ਕੋਲ ਫ਼ੈਸਲੇ ਦੀ ਸ਼ਕਤੀ ਹੈ ਅਤੇ ਸੰਕਲਪ ਦੀ ਸ਼ਕਤੀ ਵੀ ਹੈ।'' ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਵਾਏ। ਉਨ੍ਹਾਂ ਕਿਹਾ,''ਅੱਜ ਨਰਾਤਿਆਂ ਦੇ 5ਵੇਂ ਦਿਨ ਸਕੰਦਮਾਤਾ ਦੀ ਪੂਜਾ ਹੁੰਦੀ ਹੈ। ਮਾਤਾ ਕਮਲ ਦੇ ਆਸਨ 'ਤੇ ਵਿਰਾਜਮਾਨ ਰਹਿੰਦੀ ਹੈ ਅਤੇ ਦੋਹਾਂ ਹੱਥਾਂ 'ਚ ਕਮਲ ਦਾ ਫੁੱਲ ਫੜੇ ਰਹਿੰਦੀ ਹੈ।'' ਉਨ੍ਹਾਂ ਕਿਹਾ,''ਮੈਂ ਦੇਸ਼ ਅਤੇ ਦੁਨੀਆ ਭਰ 'ਚ ਫੈਲੇ ਭਾਜਪਾ ਦੇ ਹਰੇਕ ਮੈਂਬਰ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿੰਦਾ ਹਾਂ। ਕਸ਼ਮੀਰ ਤੋਂ ਕੰਨਿਆਕੁਮਾਰੀ, ਕੱਛ ਤੋਂ ਕੋਹਿਮਾ ਤੱਕ ਭਾਜਪਾ ਇਕ ਭਾਰਤ, ਸ਼੍ਰੇਸ਼ਠ ਭਾਰਤ ਦੇ ਸੰਕਲਪ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ ਕੋਰੋਨਾ ਦੇ ਔਖੇ ਸਮੇਂ 'ਚ ਵੀ ਭਾਰਤ ਆਪਣੇ 80 ਕਰੋੜ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਨਾਗਰਿਕਾਂ ਦਾ ਜੀਵਨ ਸੁਖਾਲਾ ਬਣਾਉਣਾ ਭਾਜਪਾ ਸਰਕਾਰਾਂ ਅਤੇ ਡਬਲ ਇੰਜਣ ਵਾਲੀਆਂ ਸਰਕਾਰਾਂ ਦੀ ਤਰਜੀਹ ਰਹੀ ਹੈ। ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ,''ਇਸ ਵਾਰ ਦਾ ਸਥਾਪਨਾ ਦਿਵਸ 3 ਹੋਰ ਕਾਰਨਾਂ ਕਰ ਕੇ ਮਹੱਤਵਪੂਰਨ ਹੋ ਗਿਆ ਹੈ। ਪਹਿਲਾ ਕਾਰਨ ਹੈ ਕਿ ਇਸ ਸਮੇਂ ਦੇਸ਼ ਦੀ ਆਵਾਜ਼ੀ ਦੇ 75 ਸਾਲ ਦਾ ਤਿਉਹਾਰ ਮਨ੍ਹਾ ਰਹੇ ਹਾਂ, ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨ੍ਹਾ ਰਹੇ ਹਾਂ। ਇਹ ਪ੍ਰੇਰਨਾ ਦਾ ਬਹੁਤ ਵੱਡਾ ਮੌਕਾ ਹੈ। ਦੂਜਾ ਕਾਰਨ ਹੈ- ਤੇਜ਼ੀ ਨਾਲ ਬਦਲਦੀਆਂ ਹੋਈਆਂ ਗਲੋਬਲ ਸਥਿਤੀਆਂ, ਬਦਲਦਾ ਹੋਇਆ ਗਲੋਬਲ ਆਰਡਰ। ਇਸ 'ਚ ਭਾਰਤ ਲਈ ਲਗਾਤਾਰ ਨਵੀਆਂ ਸੰਭਾਵਨਾਵਾਂ ਬਣ ਰਹੀ ਹੈ। ਤੀਜਾ ਕਾਰਨ ਵੀ ਓਨਾ ਹੀ ਅਹਿਮ ਹੈ। ਕੁਝ ਹਫ਼ਤੇ ਪਹਿਲਾਂ ਚਾਰ ਸੂਬਿਆਂ 'ਚ ਭਾਜਪਾ ਦੀ ਡਬਲ ਇੰਜਣ ਦੀਆਂ ਸਰਕਾਰਾਂ ਵਾਪਸ ਪਰਤੀਆਂ ਹਨ। ਤਿੰਨ ਦਹਾਕਿਆਂ ਬਾਅਦ ਰਾਜ ਸਭਾ 'ਚ ਕਿਸੇ ਪਾਰਟੀ ਦੇ ਮੈਂਬਰਾਂ ਦੀ ਗਿਣਤੀ 100 ਤੱਕ ਪਹੁੰਚੀ ਹੈ।

 

ਉਨ੍ਹਾਂ ਕਿਹਾ,''ਗਰੀਬਾਂ ਲਈ ਪੱਕੇ ਘਰ ਤੋਂ ਲੈ ਕੇ ਟਾਇਲਟ ਦੇ ਨਿਰਮਾਣ ਤੱਕ, ਆਯੂਸ਼ਮਾਨ ਭਾਰਤ ਯੋਜਨਾ ਤੋਂ ਲੈ ਕੇ ਉੱਜਵਲਾ ਯੋਜਨਾ ਤੱਕ, ਹਰ ਘਰ 'ਚ ਟੂਟੀ ਤੋਂ ਪਾਣੀ ਤੋਂ ਲੈ ਕੇ ਹਰ ਗਰੀਬ ਦੇ ਬੈਂਕ ਖਾਤੇ 'ਚ ਤੱਕ, ਅਜਿਹੇ ਕਿੰਨੇ ਹੀ ਕੰਮ ਹੋਏ ਹਨ, ਜਿਨ੍ਹਾਂ ਬਾਰੇ ਜੇਕਰ ਮੈਂ ਚਰਚਾ ਸ਼ੁਰੂ ਕਰਾਂ ਤਾਂ ਹੋ ਸਕਦਾ ਹੈ ਕਈ ਘੰਟੇ ਨਿਕਲ ਜਾਣ। ਸਬ ਕਾ ਸਾਥ, ਸਬ ਕਾ ਵਿਕਾਸ ਦੇ ਮੰਤਰ ਨਾਲ, ਅਸੀਂ ਸਾਰਿਆਂ ਦਾ ਭਰੋਸਾ ਹਾਸਲ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਕੋਹਿਮਾ ਤੱਕ, ਭਾਜਪਾ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੇ ਸੰਕਲਪ ਨੂੰ ਲਗਾਤਾਰ ਮਜ਼ਬੂਤ ​​ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਭਾਜਪਾ ਦਾ ਸਥਾਪਨਾ ਦਿਵਸ ਅਜਿਹੇ ਸਮੇਂ ਆਇਆ ਜਦੋਂ ਪਾਰਟੀ ਨੇ ਚਾਰ ਸੂਬਿਆਂ ਸੱਤਾ ਬਰਕਰਾਰ ਰੱਖੀ ਅਤੇ ਤਿੰਨ ਦਹਾਕਿਆਂ 'ਚ ਰਾਜ ਸਭਾ 'ਚ 100 ਸੰਸਦ ਮੈਂਬਰ ਰੱਖਣ ਵਾਲੀ ਪਹਿਲੀ ਪਾਰਟੀ ਬਣ ਗਈ। ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਭਾਜਪਾ ਹੈੱਡ ਕੁਆਰਟਰ 'ਤੇ ਝੰਡਾ ਲਹਿਰਾਇਆ ਅਤੇ ਪਾਰਟੀ ਦੇ ਵਿਚਾਰਧਾਰਕਾਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਪੰਡਤ ਦੀਨਦਿਆਲ ਉਪਾਧਿਆਏ ਦੀਆਂ ਮੂਰਤੀਆਂ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ। ਉਨ੍ਹਾਂ ਪਾਰਟੀ ਹੈੱਡਕੁਆਰਟਰ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ। ਅੱਜ ਦੇ ਦਿਨ 1980 'ਚ ਭਾਜਪਾ ਦੀ ਸਥਾਪਨਾ ਹੋਈ ਸੀ। ਇਹ ਨਵੀਂ ਪਾਰਟੀ 1951 'ਚ ਸਿਆਮਾ ਪ੍ਰਸਾਦ ਮੁਖਰਜੀ ਦੁਆਰਾ ਸਥਾਪਤ ਭਾਰਤੀ ਜਨ ਸੰਘ ਵਿੱਚੋਂ ਪੈਦਾ ਹੋਈ ਸੀ। ਸਾਲ 1977 ਵਿੱਚ ਐਮਰਜੈਂਸੀ ਦੇ ਐਲਾਨ ਤੋਂ ਬਾਅਦ, ਜਨ ਸੰਘ ਅਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਦਾ ਰਲੇਵਾਂ ਹੋ ਗਿਆ ਅਤੇ ਜਨਤਾ ਪਾਰਟੀ ਉਭਰੀ। ਪਾਰਟੀ ਨੇ 1977 ਦੀਆਂ ਆਮ ਚੋਣਾਂ 'ਚ ਕਾਂਗਰਸ ਤੋਂ ਸੱਤਾ ਖੋਹ ਲਈ ਅਤੇ 1980 'ਚ ਜਨਤਾ ਪਾਰਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਭਾਰਤੀ ਜਨਤਾ ਪਾਰਟੀ ਦੀ ਨੀਂਹ ਰੱਖੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News