PM ਮੋਦੀ ਦਾ ਅਧਿਆਪਕਾਂ ਨੂੰ ‘ਗੁਰੂ ਮੰਤਰ’: ਕਦੇ ਨਾ ਮਰਨ ਦਿਓ ਆਪਣੇ ਅੰਦਰਲਾ ਵਿਦਿਆਰਥੀ
Thursday, Apr 13, 2023 - 04:19 AM (IST)
ਭੋਪਾਲ (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਨਵ-ਨਿਯੁਕਤ ਅਧਿਆਪਕਾਂ ਨੂੰ ‘ਗੁਰੂ ਮੰਤਰ’ ਦਿੰਦੇ ਹੋਏ ਕਿਹਾ ਕਿ ਨਵੀਂ ਸਿੱਖਿਆ ਨੀਤੀ ਲਾਗੂ ਕਰਨ ’ਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੋਣ ਵਾਲੀ ਹੈ ਅਤੇ ਕਦੇ ਵੀ ਆਪਣੇ ਅੰਦਰਲੇ ਵਿਦਿਆਰਥੀ ਨੂੰ ਮਰਨ ਨਾ ਦਿਓ ਕਿਉਂਕਿ ਇਹ ਉਨ੍ਹਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ। PM ਮੋਦੀ ਨੇ ਇੱਥੇ ਆਯੋਜਿਤ ਨਵ-ਨਿਯੁਕਤ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਸਿਖਲਾਈ ਪ੍ਰੋਗਰਾਮ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਕੂਲ ਸਿੱਖਿਆ ਰਾਜ ਮੰਤਰੀ ਇੰਦਰ ਸਿੰਘ ਪਰਮਾਰ ਨੇ ਵੀ ਸੰਬੋਧਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਭਾਰਤ ’ਚ ਪਹਿਲੀ ਵਾਰ ਨਦੀ ਦੇ ਹੇਠਾਂ ਦੌੜੀ ਮੈਟਰੋ ਟਰੇਨ, ਹਾਵੜਾ ਤੋਂ ਪਹੁੰਚੀ ਕਲਕੱਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਭਾਰਤੀ ਕਦਰਾਂ-ਕੀਮਤਾਂ ਦੇ ਪ੍ਰਚਾਰ ਲਈ ਲਾਗੂ ਕੀਤੀ ਗਈ ਹੈ। ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨਵ-ਨਿਯੁਕਤ ਅਧਿਆਪਕਾਂ ਨੂੰ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਜੀਵਨ ’ਚ ਉਸ ਦੀ ਮਾਂ ਅਤੇ ਅਧਿਆਪਕ ਦੀ ਸਭ ਤੋਂ ਅਹਿਮ ਭੂਮਿਕਾ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਲੋਕਾਂ ਦੇ ਦਿਲਾਂ ’ਚ ਤੁਹਾਡੇ ਅਧਿਆਪਕ ਵੱਸੇ ਹੋਏ ਹਨ, ਉਸ ਤਰ੍ਹਾਂ ਤੁਸੀਂ ਲੋਕ ਵੀ ਵਿਦਿਆਰਥੀਆਂ ਦੇ ਦਿਲਾਂ ’ਚ ਵੱਸਣ ਦੀ ਕੋਸ਼ਿਸ਼ ਕਰੋ। ਅਧਿਆਪਕਾਂ ਵੱਲੋਂ ਦਿੱਤੀ ਗਈ ਸਿੱਖਿਆ ਹੀ ਦੇਸ਼ ਦਾ ਭਵਿੱਖ ਉਜਾਗਰ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਆਪਣੇ ਅੰਦਰਲੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੰਦੇ। ਇਸ ਦੇ ਨਾਲ ਹੀ ਉਨ੍ਹਾਂ ਨਵ-ਨਿਯੁਕਤ ਅਧਿਆਪਕਾਂ ਤੋਂ ਵੀ ਇਹੀ ਉਮੀਦ ਕਰਦਿਆਂ ਕਿਹਾ ਕਿ ਇਹ ਗੁਣ ਉਨ੍ਹਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚਦ ਦਿਓ ਆਪਣੀ ਰਾਏ।