ਸਿਰਫ਼ ਮਨੋਰੰਜਨ ਲਈ ਤਾਸ਼ ਖੇਡਣਾ ਅਨੈਤਿਕ ਆਚਰਣ ਨਹੀਂ : ਸੁਪਰੀਮ ਕੋਰਟ
Sunday, May 25, 2025 - 06:24 PM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕਰਨਾਟਕ ’ਚ ਇਕ ਸਹਿਕਾਰੀ ਕਮੇਟੀ ’ਚ ਇਕ ਵਿਅਕਤੀ ਦੀ ਚੋਣ ਨੂੰ ਬਹਾਲ ਕਰਦੇ ਹੋਏ ਕਿਹਾ ਕਿ ਸੱਟੇਬਾਜ਼ੀ ਤੇ ਜੂਏ ਤੋਂ ਬਿਨਾਂ ਮਨੋਰੰਜਨ ਲਈ ਤਾਸ਼ ਖੇਡਣਾ ਅਨੈਤਿਕ ਆਚਰਣ ਨਹੀਂ ਹੈ।
ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਇਸ ਗੱਲ ’ਤੇ ਗੌਰ ਕੀਤਾ ਕਿ ਸਰਕਾਰੀ ਪੋਰਸਿਲੇਨ ਫੈਕਟਰੀ ਇੰਪਲਾਈਜ਼ ਹਾਊਸਿੰਗ ਕੋ-ਆਪ੍ਰੇਟਿਵ ਸੋਸਾਇਟੀ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ਚੁਣੇ ਗਏ ਹਨੂਮੰਤਰਾਯੱਪਾ ਵਾਈ. ਸੀ. ਜਦੋਂ ਕੁਝ ਹੋਰ ਲੋਕਾਂ ਨਾਲ ਸੜਕ ਕਿਨਾਰੇ ਬੈਠ ਕੇ ਤਾਸ਼ ਖੇਡਦੇ ਫੜੇ ਗਏ ਤਾਂ ਉਨ੍ਹਾਂ ’ਤੇ ਬਿਨਾਂ ਕਿਸੇ ਸੁਣਵਾਈ ਦੇ ਕਥਿਤ ਤੌਰ ’ਤੇ 200 ਰੁਪਏ ਦਾ ਜੁਰਮਾਨਾ ਲਾਇਆ ਗਿਆ। ਬੈਂਚ ਨੇ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਸਾਨੂੰ ਇਹ ਕਹਿਣਾ ਔਖਾ ਲੱਗਦਾ ਹੈ ਕਿ ਅਪੀਲਕਰਤਾ ’ਤੇ ਲਾਇਆ ਗਿਆ ਦੁਰਾਚਾਰ ਦਾ ਦੋਸ਼ ਨੈਤਿਕ ਪਤਨ ਦੀ ਸ਼੍ਰੇਣੀ ’ਚ ਆਉਂਦਾ ਹੈ।
ਇਹ ਸਭ ਜਾਣਦੇ ਹਨ ਕਿ ਨੈਤਿਕ ਪਤਨ ਸ਼ਬਦ ਦੀ ਵਰਤੋਂ ਕਾਨੂੰਨੀ ਤੇ ਸਮਾਜਿਕ ਭਾਸ਼ਾ ’ਚ ਅਜਿਹੇ ਆਚਰਣ ਦਾ ਵਰਨਣ ਕਰਨ ਲਈ ਕੀਤੀ ਜਾਂਦੀ ਹੈ ਜੋ ਸੁਭਾਵਿਕ ਤੌਰ ’ਤੇ ਨੀਚ, ਭ੍ਰਿਸ਼ਟ ਜਾਂ ਕਿਸੇ ਤਰ੍ਹਾਂ ਨਾਲ ਭ੍ਰਿਸ਼ਟਤਾ ਦਿਖਾਉਣ ਵਾਲਾ ਹੋਵੇ। ਹਰ ਉਹ ਕੰਮ ਜਿਸ ਖਿਲਾਫ ਕੋਈ ਇਤਰਾਜ਼ ਕਰ ਸਕਦਾ ਹੈ, ਜ਼ਰੂਰੀ ਨਹੀਂ ਕਿ ਉਸ ’ਚ ਨੈਤਿਕ ਪਤਨ ਸ਼ਾਮਲ ਹੋਵੇ।