ਅਰੁਣਾਚਲ ਤੋਂ ਲਾਪਤਾ ਮੁੰਡੇ ਦਾ ਚੀਨੀ ਫ਼ੌਜੀਆਂ ਨੇ ਲਗਾਇਆ ਪਤਾ, ਵਾਪਸ ਲਿਆਉਣ ਦੀ ਚੱਲ ਰਹੀ ਪ੍ਰਕਿਰਿਆ
Sunday, Jan 23, 2022 - 05:00 PM (IST)
ਨਵੀਂ ਦਿੱਲੀ (ਵਾਰਤਾ)- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਨੌਜਵਾਨ ਨੂੰ ਲੱਭ ਲਿਆ ਹੈ ਅਤੇ ਉੱਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਆਸਾਮ ਦੇ ਤੇਜਪੁਰ ਸਥਿਤ ਰੱਖਿਆ ਮੰਤਰਾਲਾ ਦੇ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਲੈਫਟੀਨੈਂਟ ਕਰਨਲ ਹਰਸ਼ਵਰਧਨ ਪਾਂਡੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਕਰਨਲ ਪਾਂਡੇ ਨੇ ਕਿਹਾ,“ਨੌਜਵਾਨ ਇਸ ਲਈ ਚੀਨੀ ਸਰਹੱਦ 'ਚ ਦਾਖ਼ਲ ਹੋਇਆ ਕਿਉਂਕਿ ਖੇਤਰ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੀ ਕੋਈ ਅਧਿਕਾਰਤ ਕੰਧ ਜਾਂ ਸੀਮਾਬੰਦੀ ਨਹੀਂ ਹੈ, ਉੱਥੇ ਸਿਰਫ਼ ਜੰਗਲ ਹੈ। ਇਸ ਕਾਰਨ ਉਸ ਨੂੰ ਪੀ.ਐੱਲ.ਏ. ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਸਥਾਪਿਤ ਪ੍ਰੋਟੋਕੋਲ ਅਨੁਸਾਰ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ।''
ਇਸ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੀਜਿਆਨ ਝਾਓ ਨੇ ਬੀਜਿੰਗ 'ਚ ਪ੍ਰੈੱਸ ਬ੍ਰੀਫਿੰਗ 'ਚ ਕਿਹਾ,''ਮੈਂ ਸਥਿਤੀ ਤੋਂ ਜਾਣੂ ਨਹੀਂ ਹਾਂ। ਚੀਨੀ ਪੀ.ਐੱਲ.ਏ. ਕਾਨੂੰਨ ਅਨੁਸਾਰ ਸਰਹੱਦਾਂ ਨੂੰ ਕੰਟਰੋਲ ਕਰਦੀ ਹੈ ਅਤੇ ਗੈਰ-ਕਾਨੂੰਨੀ ਦਾਖ਼ਲੇ ਅਤੇ ਨਿਕਾਸ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਦੀ ਹੈ।'' ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤਾਪੀਰ ਗਾਓ ਨੇ ਦਾਅਵਾ ਕੀਤਾ ਸੀ ਕਿ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ 'ਚ ਭਾਰਤੀ ਖੇਤਰ ਦੇ ਲੁਗਟਾ ਜੋਰ ਖੇਤਰ ਦਾ ਨੌਜਵਾਨ ਸੀ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਵਲੋਂ ਅਗਵਾ ਕੀਤਾ ਗਿਆ ਸੀ ਅਤੇ ਉਸ ਦੇ ਟਿਕਾਣੇ ਦਾ ਪਤਾ ਹੈ। ਭਾਰਤੀ ਫ਼ੌਜ ਨੇ ਹੌਟਲਾਈਨ ਰਾਹੀਂ ਚੀਨੀ ਪੀ.ਐੱਲ.ਏ. ਨਾਲ ਸੰਪਰਕ ਕੀਤਾ ਸੀ ਅਤੇ ਆਪਣੇ ਪਾਸੇ ਦੇ ਨੌਜਵਾਨਾਂ ਦਾ ਪਤਾ ਲਗਾਉਣ ਅਤੇ ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ ਉਸ ਨੂੰ ਵਾਪਸ ਕਰਨ 'ਚ ਸਹਾਇਤਾ ਦੀ ਮੰਗ ਕੀਤੀ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਨੌਜਵਾਨ ਉਸ ਸਮੇਂ ਆਪਣਾ ਰਸਤਾ ਭੁੱਲ ਗਿਆ ਜਦੋਂ ਉਹ ਜੜੀ ਬੂਟੀਆਂ ਇਕੱਠੀਆਂ ਕਰਨ ਲਈ ਇਲਾਕੇ 'ਚ ਗਿਆ ਸੀ। ਸਤੰਬਰ-2020 'ਚ, ਚੀਨੀ ਪੀ.ਐੱਲ.ਏ. ਨੇ ਸਰਹੱਦੀ ਅਰੁਣਾਚਲ ਪ੍ਰਦੇਸ਼ ਦੇ ਪੰਜ ਨੌਜਵਾਨ ਭਾਰਤ ਨੂੰ ਸੌਂਪੇ, ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੇ ਪਾਸੇ ਪਾਏ ਗਏ ਸਨ। ਅਰੁਣਾਚਲ ਪ੍ਰਦੇਸ਼ ਦੀ ਚੀਨ ਨਾਲ 1,080 ਕਿਲੋਮੀਟਰ ਦੀ ਸਰਹੱਦ ਸਾਂਝਾ ਕਰਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ