ਹਾਰ ਦੇ ਡਰ ਕਾਰਨ ਅਮੇਠੀ ਤੋਂ ਭੱਜ ਵਾਇਨਾਡ ਤੋਂ ਚੋਣ ਲੜ ਰਹੇ ਰਾਹੁਲ : ਪੀਊਸ਼ ਗੋਇਲ
Wednesday, Apr 17, 2019 - 06:00 PM (IST)
ਨਵੀਂ ਦਿੱਲੀ— ਅਮੇਠੀ ਸੀਟ ਤੋਂ ਇਲਾਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਲੋਕ ਸਭਾ ਚੋਣ ਲੜ ਰਹੇ ਹਨ। ਰਾਹੁਲ ਗਾਂਧੀ ਦੇ ਵਾਇਨਾਡ ਸੀਟ ਤੋਂ ਚੋਣ ਲੜਨ 'ਤੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਤੰਜ਼ ਕੱਸਿਆ ਹੈ। ਪੀਊਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਚੋਣ ਹਾਰਨ ਦਾ ਡਰ ਸਤਾ ਰਿਹਾ ਹੈ, ਇਸ ਲਈ ਉਹ ਅਮੇਠੀ ਤੋਂ ਭੱਜ ਕੇ ਵਾਇਨਾਡ ਤੋਂ ਚੋਣ ਲੜਨ ਗਏ ਹਨ।ਗੋਇਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਗੁਆ ਦਿੱਤਾ ਹੈ। ਮੈਨੂੰ ਯਕੀਨ ਹੈ ਕਿ ਕੇਰਲ ਦੇ ਲੋਕ ਵੀ ਉਨ੍ਹਾਂ ਨੂੰ ਹਰਾਉਣਗੇ। ਵਾਇਨਾਡ ਤੋਂ ਹਾਰਨ ਤੋਂ ਬਾਅਦ ਰਾਹੁਲ ਨੂੰ ਅਗਲੀਆਂ ਚੋਣਾਂ 'ਚ ਕਿਸੇ ਹੋਰ ਦੇਸ਼ ਦੇ ਚੋਣ ਹਲਕੇ ਦੀ ਤਲਾਸ਼ ਕਰਨੀ ਪਵੇਗੀ।
ਦੱਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰੀ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜ ਰਹੇ ਹਨ। ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਸਾਹਮਣੇ ਧਰਮ ਸੈਨਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਤੇ ਅਮੇਠੀ ਤੋਂ ਰਾਹੁਲ ਦਾ ਸਾਹਮਣਾ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨਾਲ ਹੈ। ਰਾਹੁਲ ਦੇ ਵਾਇਨਾਡ ਤੋਂ ਚੋਣ ਲੜਨ ਨੂੰ ਲੈ ਕੇ ਸਮਰਿਤੀ ਈਰਾਨੀ ਨੇ ਕਿਹਾ ਸੀ ਕਿ ਰਾਹੁਲ ਦਾ ਅਮੇਠੀ ਛੱਡ ਕੇ ਕਿਸੇ ਹੋਰ ਹਲਕੇ ਤੋਂ ਨਾਮਜ਼ਦਗੀ ਭਰਨਾ ਅਮੇਠੀ ਦਾ ਅਪਮਾਨ ਹੈ।