ਪਿਊਸ਼ ਗੋਇਲ ਨੇ ਕੀਤਾ ਸਪੱਸ਼ਟ: ਅਮਰੀਕਾ ਨਾਲ ਡੀਲ ਓਦੋ, ਜਦੋਂ ਦੋਵਾਂ ਦੇਸ਼ਾਂ ਨੂੰ ਹੋਵੇਗਾ ਫਾਇਦਾ
Saturday, Jul 05, 2025 - 03:41 PM (IST)

ਨੈਸ਼ਨਲ ਡੈਸਕ : ਅਮਰੀਕਾ ਨਾਲ ਵਪਾਰ ਡੀਲ ਨੂੰ ਲੈ ਕੇ ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤੈਅ ਸਮੇਂ ਦੀ ਸੀਮਾ ਦੇ ਦਬਾਅ ਹੇਠ ਕੋਈ ਡੀਲ ਨਹੀਂ ਕਰੇਗਾ। ਕੇਂਦਰੀ ਵਾਣਿਜ਼ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਅਮਰੀਕਾ ਨਾਲ ਵਪਾਰਿਕ ਸਮਝੌਤਾ ਤਦ ਹੀ ਕੀਤਾ ਜਾਵੇਗਾ ਜਦੋਂ ਇਹ ਦੋਹਾਂ ਪੱਖਾਂ ਲਈ ਲਾਭਕਾਰੀ ਹੋਵੇ ਅਤੇ ਰਾਸ਼ਟਰਹਿਤ ਵਿੱਚ ਹੋਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰੀਕਾ ਤੋਂ ਇਲਾਵਾ ਭਾਰਤ ਦੀ ਈ.ਯੂ., ਨਿਊਜ਼ੀਲੈਂਡ, ਓਮਾਨ, ਚਿਲੀ ਅਤੇ ਪੇਰੂ ਵਰਗੇ ਕਈ ਦੇਸ਼ਾਂ ਨਾਲ ਵੀ ਮੁਕਤ ਵਪਾਰ ਸਮਝੌਤਿਆਂ ਬਾਰੇ ਗੱਲਬਾਤ ਚੱਲ ਰਹੀ ਹੈ।
ਇਸ ਦੇ ਨਾਲ ਹੀ ਭਾਰਤ ਨੇ WTO ਵਿੱਚ ਅਮਰੀਕਾ ਵੱਲੋਂ ਆਟੋ ਪਾਰਟਸ 'ਤੇ ਲਾਏ 25% ਟੈਰਿਫ਼ ਦਾ ਕਰੜਾ ਵਿਰੋਧ ਕੀਤਾ ਹੈ। ਭਾਰਤ ਨੇ ਸਾਫ਼ ਕੀਤਾ ਹੈ ਕਿ ਉਹ ਅਮਰੀਕੀ ਉਤਪਾਦਾਂ 'ਤੇ ਜਵਾਬੀ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਆਪਣੇ ਨੁਕਸਾਨ ਦੀ ਭਰਪਾਈ ਕਰ ਸਕੇ। ਦੱਸਣਯੋਗ ਹੈ ਕਿ 26 ਮਾਰਚ 2025 ਨੂੰ ਅਮਰੀਕਾ ਨੇ ਭਾਰਤ ਤੋਂ ਆਯਾਤ ਕੀਤੇ ਲਾਈਟ ਟਰੱਕ, ਪੈਸੇੰਜਰ ਵਾਹਨਾਂ ਅਤੇ ਕੁਝ ਹੋਰ ਆਟੋ ਪਾਰਟਸ 'ਤੇ 25% ਟੈਰਿਫ ਲਗਾਇਆ ਸੀ ਅਤੇ WTO ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ, ਜੋ WTO ਦੇ ਨਿਯਮਾਂ ਦੀ ਉਲੰਘਣਾ ਹੈ।
ਦੂਜੇ ਪਾਸੇ, ਭਾਰਤੀ ਵਫ਼ਦ ਜਿਸ ਦੀ ਅਗਵਾਈ ਮੁੱਖ ਬੁਲਾਰਾ ਰਾਜੇਸ਼ ਅਗਰਵਾਲ ਕਰ ਰਹੇ ਸਨ, ਅਮਰੀਕਾ ਦੌਰੇ ਤੋਂ ਵਾਪਸ ਆ ਗਿਆ ਹੈ। ਹਾਲਾਂਕਿ ਖੇਤੀਬਾੜੀ ਅਤੇ ਆਟੋਮੋਬਾਈਲ ਖੇਤਰ ਸਬੰਧੀ ਕੁਝ ਮੁੱਦੇ ਹਾਲੇ ਵੀ ਅਟਕੇ ਹੋਏ ਹਨ। 9 ਜੁਲਾਈ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਵਲੋਂ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਜਾਰੀ ਹੈ, ਕਿਉਂਕਿ ਅਮਰੀਕਾ ਵੱਲੋਂ ਭਾਰਤ 'ਤੇ ਲਾਏ ਗਏ ਵਾਧੂ ਟੈਰਿਫ ਨੂੰ 90 ਦਿਨਾਂ ਲਈ ਰੋਕ ਦਿੱਤਾ ਗਿਆ ਸੀ, ਜਿਸ ਦੀ ਮਿਆਦ 9 ਜੁਲਾਈ ਨੂੰ ਖਤਮ ਹੋ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e