ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਗੱਲ ਜਾਰੀ, ਭੇਦਭਾਵ ਵਾਲੀਆਂ ਸ਼ਰਤਾਂ ਅੱਗੇ ਨਹੀਂ ਝੁਕਾਂਗੇ : ਗੋਇਲ
Saturday, Aug 30, 2025 - 12:22 AM (IST)

ਨਵੀਂ ਦਿੱਲੀ (ਭਾਸ਼ਾ)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ (ਬੀ. ਟੀ. ਏ.) ’ਤੇ ਗੱਲਬਾਤ ਜਾਰੀ ਹੈ ਪਰ ਭਾਰਤ ਕਦੇ ਵੀ ਭੇਦਭਾਵ ਵਾਲੀਆਂ ਸ਼ਰਤਾਂ ਅੱਗੇ ਨਹੀਂ ਝੁਕੇਗਾ। ਇਸ ਦੇ ਨਾਲ ਹੀ ਗੋਇਲ ਨੇ ਭਰੋਸਾ ਪ੍ਰਗਟਾਇਆ ਕਿ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ ਲਾਏ ਗਏ 50 ਫ਼ੀਸਦੀ ਟੈਰਿਫ ਦਾ ਦੇਸ਼ ਦੀ ਅਰਥਵਿਵਸਥਾ ’ਤੇ ਵੱਡਾ ਅਸਰ ਨਹੀਂ ਪਵੇਗਾ।ਗੋਇਲ ਨੇ ਇਥੇ ਇਕ ਉਦਯੋਗ ਸੰਮੇਲਨ ’ਚ ਕਿਹਾ, “ਜੇ ਕੋਈ ਵਧੀਆ ਮੁਕਤ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਤਾਂ ਅਸੀਂ ਹਮੇਸ਼ਾ ਤਿਆਰ ਹਾਂ ਪਰ ਜੇ ਕੋਈ ਭੇਦਭਾਵ ਕਰੇਗਾ ਤਾਂ ਅਸੀਂ ਨਹੀਂ ਝੁਕਾਂਗੇ ਅਤੇ ਨਾ ਹੀ ਕਮਜ਼ੋਰ ਪੈਵਾਂਗੇ, ਸਗੋਂ ਮਿਲ ਕੇ ਅੱਗੇ ਵਧਾਂਗੇ।”ਗੋਇਲ ਨੇ ਕਿਹਾ ਕਿ ਸਰਕਾਰ ਦੇਸ਼ ਦੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਘਰੇਲੂ ਅਤੇ ਗਲੋਬਲ ਪਹੁੰਚ ਵਧਾਉਣ ਲਈ ਛੇਤੀ ਹੀ ਕਈ ਕਦਮ ਉਠਾਏਗੀ।
ਗੋਇਲ ਨੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦੇ ਸਕਦਾ ਹਾਂ ਕਿ ਆਉਣ ਵਾਲੇ ਦਿਨਾਂ ’ਚ ਸਰਕਾਰ ਹਰ ਇਕ ਖੇਤਰ ਨੂੰ ਸਹਾਇਤਾ ਦੇਣ ਲਈ ਵੱਖ-ਵੱਖ ਕਦਮ ਉਠਾਏਗੀ। ਇਸ ਨਾਲ ਘਰੇਲੂ ਪਹੁੰਚ ਦਾ ਵਿਸਥਾਰ ਹੋਵੇਗਾ ਅਤੇ ਪੂਰੇ ਵਿਸ਼ਵ ਦੇ ਹੋਰ ਬਾਜ਼ਾਰਾਂ ’ਚ ਪੂਰਕ ਮੌਕਿਆਂ ਦੀ ਤਲਾਸ਼ ਹੋਵੇਗੀ, ਜਿਸ ਨਾਲ ਸਾਡੀ ਗਲੋਬਲ ਪਹੁੰਚ ਵਧੇਗੀ। ਨਤੀਜੇ ਵਜੋਂ ਇਸ ਸਾਲ ਸਾਡੀ ਬਰਾਮਦ ਪਿਛਲੇ ਸਾਲ ਦੀ ਬਰਾਮਦ ਨਾਲੋਂ ਵੱਧ ਰਹੇਗੀ।’’
ਭਾਰਤ ਨਾਲ ਵਪਾਰ ਸਮਝੌਤੇ ’ਤੇ ਗੱਲਬਾਤ ਕਰਨਾ ਚਾਹੁੰਦਾ ਹੈ ਕਤਰ
ਗੋਇਲ ਨੇ ਕਿਹਾ ਕਿ ਓਮਾਨ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਅਤੇ ਕਤਰ ਵੀ ਭਾਰਤ ਨਾਲ ਅਜਿਹੇ ਸਮਝੌਤੇ ’ਤੇ ਗੱਲਬਾਤ ਕਰਨ ਦਾ ਚਾਹਵਾਨ ਹੈ। ਉਨ੍ਹਾਂ ਨੇ ਬਰਾਮਦਕਾਰਾਂ ਨੂੰ ਵਪਾਰ ਦੇ ਮੋਰਚੇ ’ਤੇ ਕਿਸੇ ਦੇਸ਼ ਦੀ ਇਕ-ਤਰਫਾ ਕਾਰਵਾਈ ਕਾਰਨ ਪੈਦਾ ਮੌਜੂਦਾ ਗਲੋਬਲ ਬੇਭਰੋਸਗੀਆਂ ਨਾਲ ਨਜਿੱਠਣ ਲਈ ਹਰਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
ਗੋਇਲ ਨੇ ਕਿਹਾ ਕਿ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਸੁਧਾਰਾਂ ਨਾਲ ਘਰੇਲੂ ਖਪਤ ਨੂੰ ਉਤਸ਼ਾਹ ਮਿਲੇਗਾ।