ਪਾਇਲਟ ਦਾ ਆਪਣੀ ਹੀ ਸਰਕਾਰ ਨੂੰ ਅਲਟੀਮੇਟਮ, ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਸੂਬਾ ਪੱਧਰੀ ਅੰਦੋਲਨ

Tuesday, May 16, 2023 - 02:29 PM (IST)

ਜੈਪੁਰ, (ਭਾਸ਼ਾ)- ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ‘ਜਨ ਸੰਘਰਸ਼ ਪਦ ਯਾਤਰਾ’ ਦੀ ਸਮਾਪਤੀ ਦੇ ਮੌਕੇ ਇਕ ਰੈਲੀ ’ਚ ਕਾਂਗਰਸ ਦੇ 15 ਵਿਧਾਇਕਾਂ ਨਾਲ ਅਸੰਤੁਸ਼ਟ ਨੇਤਾ ਸਚਿਨ ਪਾਇਲਟ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਨੂੰ ਨੋਟਿਸ ਦਿੱਤਾ ਕਿ ਇਸ ਮਹੀਨੇ ਦੇ ਅੰਤ ਤੱਕ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬੇ ’ਚ ਅੰਦੋਲਨ ਕੀਤਾ ਜਾਵੇਗਾ।

ਪਾਇਲਟ ਨੇ ਇੱਥੇ 5 ਦਿਨ ਦੀ ਆਪਣੀ ‘ਜਨਸੰਘਰਸ਼ ਪਦ ਯਾਤਰਾ’ ਦੀ ਸਮਾਪਤੀ ਦੇ ਮੌਕੇ ਆਯੋਜਿਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਅਤੇ ਅੰਦੋਲਨ ਦੀ ਚਿਤਾਵਨੀ ਦਿੱਤੀ।

ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ 3 ਮੰਗਾਂ ਹਨ, ਰਾਜਸਥਾਨ ਲੋਕ ਸੇਵਾ ਕਮਿਸ਼ਨ (ਆਰ. ਪੀ. ਐੱਸ. ਸੀ.) ਨੂੰ ਬੰਦ ਕਰ ਕੇ ਇਸ ਦਾ ਮੁੜ ਗਠਨ ਕਰਨਾ, ਪੇਪਰ ਲੀਕ ਤੋਂ ਪ੍ਰਭਾਵਿਤ ਹਰ ਇਕ ਨੌਜਵਾਨ ਨੂੰ ਉਚਿਤ ਆਰਥਿਕ ਮੁਆਵਜ਼ਾ ਦੇਣਾ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਖਿਲਾਫ ਲੱਗੇ ਦੋਸ਼ਾਂ ਦੀ ਉਚ ਪੱਧਰੀ ਜਾਂਚ ਕਰਾਉਣਾ ਸ਼ਾਮਲ ਹੈ।

ਆਰ. ਪੀ. ਐੱਸ. ਸੀ. ਦੇ ਪ੍ਰਧਾਨ ਅਤੇ ਮੈਂਬਰਾਂ ਦੀ ਚੋਣ ਪ੍ਰਣਾਲੀ ’ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਆਮ ਧਾਰਨਾ ਹੈ ਕਿ ਇੱਥੇ ‘ਜੁਗਾੜ’ ਕੰਮ ਕਰਦਾ ਹੈ ਅਤੇ ਨਿਯੁਕਤੀਆਂ ਰਾਜਨੀਤਕ ਹੁੰਦੀਆਂ ਹਨ। ਪਾਇਲਟ ਨੇ ਕਿਹਾ ਕਿ ਨੌਜਵਾਨਾਂ ਦੇ ਹਿੱਤ ’ਚ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ, ਇਸ ਮਹੀਨੇ ਦੇ ਅਖੀਰ ਤੱਕ ਜੇਕਰ ਇਹ ਤਿੰਨੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਜੇ ਮੈਂ ਗਾਂਧੀਵਾਦੀ ਤਰੀਕੇ ਨਾਲ (ਇਕ ਦਿਨਾ) ਵਰਤ ਕੀਤਾ, ਜਨਸੰਘਰਸ਼ ਯਾਤਰਾ ਕੱਢੀ ਹੈ। ਮਹੀਨੇ ਦੇ ਅਖੀਰ ਤੱਕ ਜੇਕਰ ਕਾਰਵਾਈ ਨਹੀਂ ਹੁੰਦੀ ਹੈ ਤਾਂ ਮੈਂ ਪੂਰੇ ਸੂਬੇ ’ਚ ਤੁਹਾਡੇ ਨਾਲ ਅੰਦੋਲਨ ਕਰਾਂਗਾ।

ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਣਾ ਅਤੇ ਵਾਅਦਾ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਸਭ ਦੇ ਸਾਹਮਣੇ ਮੈਂ ਕਿਸੇ ਅਹੁਦੇ ’ਤੇ ਰਹਾਂ ਜਾਂ ਨਾ ਰਹਾਂ, ਮੈਂ ਰਾਜਸਥਾਨ ਦੀ ਜਨਤਾ ਅਤੇ ਨੌਜਵਾਨਾਂ ਦੀ ਸੇਵਾ ਆਪਣੇ ਆਖਰੀ ਸਾਹ ਤੱਕ ਕਰਦਾ ਰਹਾਂਗਾ ਅਤੇ ਮੈਂ ਡਰਨ ਵਾਲਾ ਨਹੀਂ ਹਾਂ, ਮੈਂ ਦੱਬੇ ਜਾਣ ਵਾਲਾ ਨਹੀਂ। ਮੈਂ ਤੁਹਾਡੇ ਲਈ ਲੜਿਆ ਹਾਂ ਅਤੇ ਲੜਦਾ ਰਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਨੇਤਾ ਦੇ ਖਿਲਾਫ ਨਹੀਂ, ਸਗੋਂ ਭ੍ਰਿਸ਼ਟਾਚਾਰ ਦੇ ਵਿਰੋਧ ’ਚ ਹੈ।

ਪਾਇਲਟ ਨੇ ਕਿਹਾ ਕਿ ਜੋ ਵੀ (ਕਾਂਗਰਸੀ) ਧੜੇਬਾਜ਼ੀ ਅਤੇ ਪਾਰਟੀ ’ਚ ਅਨੁਸ਼ਾਸਨ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ 25 ਸਤੰਬਰ ਦੀ ਘਟਨਾ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਜੋ ਵਿਸ਼ਵਾਸਘਾਤ ਕੀਤਾ ਗਿਆ, ਸੋਨੀਆ ਗਾਂਧੀ ਦੇ ਨਾਲ, 25 ਸਤੰਬਰ ਨੂੰ ਜੋ ਪਾਰਟੀ ਨੂੰ ਬੇਇਜਤ ਕਰਨ ਦਾ ਕੰਮ ਕੀਤਾ ਗਿਆ, ਜਿਸ ਨੇ ਪਾਰਟੀ ਦੇ ਅਨੁਸ਼ਾਸਨ ਨੂੰ ਤੋੜਣ ਦਾ ਕੰਮ ਕੀਤਾ, ਉਨ੍ਹਾਂ ਲੋਕਾਂ ਨੂੰ ਆਪਣੀ ਬੁੱਕਲ ’ਚ ਝਾਤੀ ਮਾਰਨੀ ਪਵੇਗੀ ਕਿ ਅਨੁਸ਼ਾਸਨ ਅਸੀਂ ਤੋੜਿਆ ਜਾਂ ਕਿਸੇ ਹੋਰ ਨੇ ਤੋੜਿਆ।


Rakesh

Content Editor

Related News