ਪੀਲੀਭੀਤ ਫਰਜ਼ੀ ਮੁਕਾਬਲਾ ਮਾਮਲਾ: ਸਿੱਖਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜੀ ਚਿੱਠੀ
Thursday, Dec 22, 2022 - 10:25 AM (IST)
ਨਵੀਂ ਦਿੱਲੀ (ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 1991 ਦੇ ਪੀਲੀਭੀਤ ਫਰਜ਼ੀ ਪੁਲਸ ਮੁਕਾਬਲੇ ’ਚ ਮਾਰੇ ਗਏ 10 ਸਿੱਖਾਂ ਦੇ ਮਾਮਲੇ ’ਚ ਇਲਾਹਾਬਾਦ ਹਾਈ ਕੋਰਟ ਦੇ ਆਏ ਤਾਜ਼ਾ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ. ਕੇ. ਨੇ ਦੱਸਿਆ ਕਿ ਪੀਲੀਭੀਤ ਮਾਮਲੇ ਸਬੰਧੀ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।
ਚਿੱਠੀ ਵਿਚ 1991 ਦੇ ਪੀਲੀਭੀਤ ਫਰਜ਼ੀ ਪੁਲਸ ਮੁਕਾਬਲੇ ਬਾਰੇ ਇਲਾਹਾਬਾਦ ਹਾਈ ਕੋਰਟ ਦੇ ਆਏ ਫ਼ੈਸਲੇ ਨੂੰ ਸੀ. ਬੀ. ਆਈ. ਵੱਲੋਂ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਅਤੇ ਯੂ. ਪੀ. ਸਰਕਾਰ ਨੂੰ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿਵਾਉਣ ਦੀ ਬੇਨਤੀ ਕੀਤੀ ਗਈ ਹੈ। ਜੀ. ਕੇ. ਨੇ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਬਿਊਰੋ ਦੀ ਲਾਪ੍ਰਵਾਹੀ ਕਾਰਨ ਫਰਜ਼ੀ ਮੁਕਾਬਲੇ ਦੇ ਦੋਸ਼ੀ ਯੂ. ਪੀ. ਪੁਲਸ ਦੇ 43 ਵਿਅਕਤੀਆਂ ਦੀ ਸਜ਼ਾ ਹੁਣ ਉਮਰ ਕੈਦ ਤੋਂ ਘਟਾ ਕੇ ਸਿਰਫ 7 ਸਾਲ ਕਰ ਦਿੱਤੀ ਗਈ ਹੈ।
ਮਨਜੀਤ ਸਿੰਘ ਜੀ. ਕੇ. ਨੇ 1984 ਦੇ ਦੰਗਿਆਂ ਦੇ ਮਾਮਲੇ ’ਚ ਮੁਲਜ਼ਮ ਜਗਦੀਸ਼ ਟਾਈਟਲਰ ਦੇ ਕਾਂਗਰਸ ਦੀਆਂ ਬੈਠਕਾਂ ’ਚ ਨਜ਼ਰ ਆਉਣ ’ਤੇ ਸਵਾਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਦਿੱਲੀ ਪਹੁੰਚਣ ’ਤੇ 24 ਦਸੰਬਰ ਨੂੰ ਥਾਣਾ ਨਿਜ਼ਾਮੂਦੀਨ ਗੋਲ ਚੱਕਰ ’ਤੇ ਰਾਹੁਲ ਗਾਂਧੀ ਨੂੰ ਕਾਲੇ ਝੰਡੇ ਵਿਖਾਏ ਜਾਣਗੇ।