ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੋਂ ਪਰਤਦੇ ਸਮੇਂ ਭਾਰਤੀ ਮਹਿਲਾ ਦੀ ਮੌਤ
Tuesday, Jul 03, 2018 - 10:47 AM (IST)
ਕਾਠਮੰਡੂ (ਬਿਊਰੋ)— ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੋਂ ਪਰਤਦੇ ਸਮੇਂ ਇਕ ਭਾਰਤੀ ਮਹਿਲਾ ਤੀਰਥ ਯਾਤਰੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਨੇਪਾਲ ਦੇ ਹੁਮਲਾ ਜ਼ਿਲੇ ਦੇ ਸਿਮੀਕੋਟ ਵਿਚ ਸੋਮਵਾਰ ਨੂੰ ਮਹਿਲਾ ਦੀ ਮੌਤ ਹੋਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਮੌਤ ਬੀਮਾਰੀ ਕਾਰਨ ਹੋਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਕੇਰਲ ਦੀ ਲੀਲਾ ਮਹੇਂਦਰ ਨਾਰਾਇਣ (56) ਦੇ ਰੂਪ ਵਿਚ ਹੋਈ ਹੈ। ਉਹ ਐਤਵਾਰ ਨੂੰ ਸਿਮੀਕੋਟ ਪਹੁੰਚੀ ਸੀ।
ਪੁਲਸ ਅਧਿਕਾਰੀਆਂ ਮੁਤਾਬਕ ਨਾਰਾਇਣ ਦੀ ਮੌਤ ਸਰੀਰ ਵਿਚ ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਹੋਈ ਹੈ। ਉਨ੍ਹਾਂ ਦੀ ਲਾਸ਼ ਹਾਲੇ ਵੀ ਸਿਮੀਕੋਟ ਹਵਾਈ ਅੱਡੇ 'ਤੇ ਰੱਖੀ ਹੋਈ ਹੈ। ਕਿਉਂਕਿ ਮੌਸਮ ਖਰਾਬ ਹੋਣ ਕਾਰਨ 31 ਜੂਨ ਤੋਂ ਉਡਾਣਾਂ ਪ੍ਰਭਾਵਿਤ ਹਨ। ਦੱਸਣਯੋਗ ਹੈ ਕਿ ਹੁਮਲਾ ਨੇਪਾਲ ਦੇ ਦੂਰ ਦੁਰਾਡੇ ਪੱਛਮ ਵਿਚ ਸਥਿਤ ਹੈ। ਇਹ ਨੇਪਾਲ-ਚੀਨ ਸੀਮਾ ਦੇ ਕਰੀਬ ਹੈ। ਗੌਰਤਲਬ ਹੈ ਕਿ ਭਾਰਤੀ ਤੀਰਥ ਯਾਤਰੀ ਸੈਂਕੜੇ ਦੀ ਗਿਣਤੀ ਵਿਚ ਹੁਮਲਾ ਦੇ ਰਸਤੇ ਨੇਪਾਲਗੰਜ ਹੁੰਦੇ ਹੋਏ ਮਾਨਸਰੋਵਰ ਪਹੁੰਚਦੇ ਹਨ। ਸ਼ਹਿਰੀ ਹਵਾਬਾਜ਼ੀ ਦਫਤਰ ਦੇ ਮੁਤਾਬਕ ਭਾਰਤੀ ਸੈਲਾਨੀਆਂ ਸਮੇਤ ਕਰੀਬ 400 ਯਾਤਰੀ ਸਿਮੀਕੋਟ ਹਵਾਈ ਅੱਡੇ 'ਤੇ ਫਸੇ ਹਨ ਜਦਕਿ 150 ਯਾਤਰੀ ਸਿਮੀਕੋਟ ਦੀ ਕੋਹੀਲਸਾ ਜਾਂਚ ਚੌਕੀ 'ਤੇ ਫਸੇ ਹਨ।
