ਫੇਕ ਨਿਊਜ਼ ਵਾਲੇ ਯੂਟਿਊਬ ਚੈਨਲਾਂ ਦੀ PIB ਫੈਕਟ ਚੈੱਕ ਨੇ ਖੋਲ੍ਹੀ ਪੋਲ, PM ਤੋਂ ਲੈ ਕੇ CJI ਬਾਰੇ ਫੈਲਾਇਆ ਝੂਠ
Tuesday, Dec 20, 2022 - 02:23 PM (IST)
ਨਵੀਂ ਦਿੱਲੀ- ਪੀ.ਆਈ.ਬੀ. ਦੀ ਫੈਕਟ ਚੈੱਕ ਯੂਨਿਟ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਤਿੰਨ ਯੂ-ਟਿਊਬ ਚੈਨਲਾਂ ਦਾ ਪਰਦਾਫਾਸ਼ ਕੀਤਾ ਹੈ। ਸੋਸ਼ਲ ਮੀਡੀਆ 'ਤੇ ਗਲਤ ਖ਼ਬਰਾਂ ਦੀ ਜਾਂਚ ਕਰਨ ਵਾਲੀ ਪੀ.ਆਈ.ਬੀ. ਫੈਕਟ ਚੈੱਕ ਨੇ ਇਕ ਯੂ-ਟਿਊਬ ਚੈਨਲ ਦੀਆਂ ਕਈ ਗਲਤ ਖ਼ਬਰਾਂ ਨੂੰ ਉਜਾਗਰ ਕੀਤਾ ਹੈ। ਪੀ.ਆਈ.ਬੀ. ਫੈਕਟ ਚੈੱਕ ਦੀ ਟੀਮ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਦੇ ਸਕ੍ਰੀਨ ਸ਼ਾਟ ਸ਼ੇਅਰ ਕੀਤੇ ਅਤੇ ਦਿਖਾਇਆ ਕਿ ਕਿਸ ਤਰ੍ਹਾਂ ਹਿਟਸ ਅਤੇ ਵਿਊਜ਼ ਲਈ ਗਲਤ ਅਤੇ ਫਰਜ਼ੀ ਖ਼ਬਰਾਂ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਹਨ। ਇਸ ਯੂ-ਟਿਊਬ ਚੈਨਲ ਦਾ ਨਾਂ ਨਿਊਜ਼ ਹੈੱਡਲਾਈਨਜ਼ ਹੈ, ਜਿਸ ਦੇ 10 ਲੱਖ ਸਬਸਕ੍ਰਾਈਬਰਜ਼ ਅਤੇ 32 ਕਰੋੜ ਵਿਊਜ਼ ਹਨ। ਇਹ ਚੈਨਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਚੋਣ ਕਮਿਸ਼ਨ ਖ਼ਿਲਾਫ਼ ਗਲਤ ਨਿਊਜ਼ ਚਲਾ ਰਿਹਾ ਹੈ। ਪੀ.ਆਈ.ਬੀ. ਨੇ ਜੋ ਸਕ੍ਰੀਨ ਸ਼ਾਟ ਪੋਸਟ ਕੀਤੇ ਹਨ, ਉਸ 'ਚ ਇਕ ਵੀਡੀਓ ਦੇ ਥੰਬ 'ਚ ਲਿਖਿਆ ਹੈ ਕਿ ਸੀ.ਜੇ.ਆਈ. ਦੇ ਆਦੇਸ਼ ਅਨੁਸਾਰ ਚੋਣਾਂ ਬੈਲਟ ਪੇਪਰ ਨਾਲ ਹੋਣਗੀਆਂ, ਜਦੋਂ ਇਹ ਜਾਣਕਾਰੀ ਬਿਲਕੁੱਲ ਗਲਤ ਹੈ, ਅਜਿਹਾ ਕੁਝ ਵੀ ਨਹੀਂ ਹੋਇਆ।
ਇਸ ਚੈਨਲ ਦੇ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਉੱਤਰ ਪ੍ਰਦੇਸ਼ ਦੀਆਂ 131 ਸੀਟਾਂ 'ਤੇ ਮੁੜ ਚੋਣਾਂ ਹੋਣਗੀਆਂ, ਜਦੋਂ ਕਿ ਸੁਪਰੀਮ ਕੋਰਟ 'ਚ ਅਜਿਹਾ ਕੋਈ ਮਾਮਲਾ ਕਦੇ ਆਇਆ ਹੀ ਨਹੀਂ। ਇੰਨਾ ਹੀ ਨਹੀਂ ਇਹ ਵੀ ਖ਼ਬਰ ਚਲਾਈ ਗਈ ਕਿ ਚੀਫ਼ ਜਸਟਿਸ ਨੇ ਪੀ.ਐੱਮ. ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਦੋਸ਼ ਐਲਾਨ ਕੀਤਾ ਹੈ। ਉੱਥੇ ਹੀ ਇਕ ਯੂ-ਟਿਊਬ ਚੈਨਲ ਜਿਸ ਦਾ ਨਾਮ ਅੱਜ ਤੱਕ ਲਾਈਵ ਰੱਖਿਆ ਗਿਆ ਹੈ, ਇਸ 'ਚ ਵੀ ਝੂਠੀ ਜਾਣਕਾਰੀ ਦਿਖਾਈ ਜਾ ਰਹੀ ਹੈ। ਪੀ.ਆਈ.ਬੀ. ਫੈਕਟ ਚੈੱਕ ਨੇ ਇਸ ਦਾ ਵੀ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਹੈ। ਇਸ ਦੇ 65 ਹਜ਼ਾਰ ਤੋਂ ਜ਼ਿਆਦਾ ਸਬਸਕ੍ਰਾਈਬਰਜ਼ ਹਨ, ਇਸ 'ਚ ਕਈ ਹਸਤੀਆਂ ਦੇ ਮਰਨ ਦੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ।