16 ਸਾਲ ਦੀ ਉਮਰ ਪਿੱਛੋਂ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧ ਗੈਰ ਕਾਨੂੰਨੀ ਨਹੀਂ  : ਮਦਰਾਸ ਹਾਈ ਕੋਰਟ

Saturday, Apr 27, 2019 - 10:56 PM (IST)

16 ਸਾਲ ਦੀ ਉਮਰ ਪਿੱਛੋਂ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧ ਗੈਰ ਕਾਨੂੰਨੀ ਨਹੀਂ  : ਮਦਰਾਸ ਹਾਈ ਕੋਰਟ

ਚੇਨਈ, (ਭਾਸ਼ਾ)— ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀ ਕੁੜੀ ਅਤੇ ਨਾਬਾਲਿਗਾ ਜਾਂ ਨਾਬਾਲਗ ਉਮਰ ਤੋਂ ਥੋੜ੍ਹਾ ਵੱਧ ਦੀ ਉਮਰ ਵਾਲੇ ਮੁੰਡੇ ਦਰਮਿਆਨ ਸਬੰਧਾਂ ਨੂੰ ਗੈਰ-ਕੁਦਰਤੀ ਜਾਂ ਉਲਟ ਨਹੀਂ ਕਿਹਾ ਜਾ ਸਕਦਾ। ਅਦਾਲਤ ਨੇ ਸੁਝਾਅ ਦਿੱਤਾ ਕਿ 16 ਸਾਲ ਦੀ ਉਮਰ ਤੋਂ ਬਾਅਦ ਆਪਸੀ ਸਹਿਮਤੀ ਨਾਲ ਬਣਾਏ ਗਏ ਸੈਕਸ ਸਬੰਧਾਂ ਨੂੰ ਬਾਲ ਸੈਕਸ ਅਪਰਾਧ ਸਰਪ੍ਰਸਤੀ (ਪਾਕਸੋ) ਐਕਟ ਦੇ ਘੇਰੇ ਵਿਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।
ਜਸਟਿਸ ਵੀ. ਪਤੀਬਨ ਨੇ ਸਬਰੀ ਨਾਂ ਦੇ ਵਿਅਕਤੀ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਸੁਝਾਅ ਦਿੱਤਾ ਜਿਸ 'ਚ ਉਸਨੇ ਪਾਕਸੋ ਕਾਨੂੰਨ ਅਧੀਨ ਨਮਕਲ ਦੀ ਇਕ ਮਹਿਲਾ ਅਦਾਲਤ ਵਲੋਂ ਉਸਨੂੰ ਸੁਣਾਈ ਗਈ 10 ਸਾਲ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨਕਰਤਾ 'ਤੇ 17 ਸਾਲ ਦੀ ਕੁੜੀ ਨੂੰ ਅਗਵਾ ਕਰਨ ਅਤੇ ਉਸ ਦਾ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਸੀ।
ਅਦਾਲਤ ਨੇ ਕਾਨੂੰਨ ਵਿਚ ਸੋਧ ਦਾ ਦਿੱਤਾ ਸੁਝਾਅ
ਕਾਨੂੰਨ ਵਿਚ ਸੋਧ ਦਾ ਸੁਝਾਅ ਦਿੰਦੇ ਹੋਏ ਮਾਣਯੋਗ ਜੱਜ ਨੇ ਕਿਹਾ ਕਿ 16 ਸਾਲ ਦੀ ਉਮਰ ਤੋਂ ਬਾਅਦ ਆਪਸੀ ਸਹਿਮਤੀ ਨਾਲ ਬਣਾਏ ਗਏ ਸਰੀਰਕ ਸਬੰਧਾਂ ਜਾਂ ਸਰੀਰਕ ਸੰਪਰਕਾਂ ਜਾਂ ਇਸ ਨਾਲ ਜੁੜੇ ਕੰਮਾਂ ਨੂੰ ਪਾਕਸੋ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਨਾਲ ਹੀ ਅਜਿਹੇ ਸੈਕਸ ਸ਼ੋਸ਼ਣ ਦੇ ਮਾਮਲਿਆਂ ਦੀ ਸੁਣਵਾਈ ਵਧੇਰੇ ਉਦਾਰ ਪ੍ਰਬੰਧਾਂ ਅਧੀਨ ਹੋ ਸਕਦੀ ਹੈ। ਇਨ੍ਹਾਂ ਨੂੰ ਕਾਨੂੰਨ ਵਿਚ ਸ਼ਾਮਲ ਵੀ ਕੀਤਾ ਜਾ ਸਕਦਾ ਹੈ।
ਹੇਠਲੀ ਅਦਾਲਤ ਦਾ ਫੈਸਲਾ ਕੀਤਾ ਰੱਦ
ਮਾਣਯੋਗ ਜੱਜ ਨੇ ਸੂਬਾ ਬਾਲ ਅਧਿਕਾਰ ਸਰਪ੍ਰਸਤੀ ਕਮਿਸ਼ਨ, ਸਮਾਜਕ ਰੱਖਿਆ ਕਮਿਸ਼ਨਰ ਸਮੇਤ ਹੋਰਨਾਂ ਨੂੰ ਇਸ ਮਾਮਲੇ ਨੂੰ ਸਮਰੱਥ ਅਥਾਰਟੀ ਦੇ ਸਾਹਮਣੇ ਰੱਖਣ ਅਤੇ ਇਸ ਗੱਲ ਦੀ ਸੰਭਾਵਨਾ ਲੱਭਣ ਲਈ ਕਿਹਾ ਕਿ ਸੁਝਾਅ ਸਭ ਧਿਰਾਂ ਨੂੰ ਪ੍ਰਵਾਨ ਹਨ ਜਾਂ ਨਹੀਂ। ਇਸ ਤੋਂ ਪਹਿਲਾਂ ਜੱਜ ਨੇ ਮੁਲਜ਼ਮ ਨੂੰ ਸਭ ਦੋਸ਼ਾਂ ਤੋਂ ਬਰੀ ਕਰਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ।


author

KamalJeet Singh

Content Editor

Related News