ਅੱਤਵਾਦੀ ਸੰਗਠਨ ਨੇ ਜਾਰੀ ਕੀਤੀਆਂ ਪੁੰਛ ਹਮਲੇ ਦੀਆਂ ਫੋਟੋਆਂ
Wednesday, Apr 26, 2023 - 01:31 PM (IST)

ਪੁੰਛ (ਧਨੁਜ)- ਪੁੰਛ ਜ਼ਿਲ੍ਹੇ ’ਚ ਜੰਮੂ-ਕਸ਼ਮੀਰ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਤੋਤਾਗਲੀ ਖੇਤਰ ’ਚ ਵੀਰਵਾਰ ਨੂੰ ਰਮਜਾਨ ਦੇ ਪਵਿੱਤਰ ਮਹੀਨੇ ’ਚ ਹੋਏ ਵੱਡੇ ਅੱਤਵਾਦੀ ਹਮਲੇ ਦੀਆਂ ਫੋਟੋਆਂ ਅੱਤਵਾਦੀ ਸੰਗਠਨ ਪੀ.ਏ.ਐੱਫ.ਐੱਫ. ਨੇ ਜਾਰੀ ਕੀਤੀਆਂ ਹਨ। ਇਨ੍ਹਾਂ ਫੋਟੋਆਂ ਨੂੰ ਸੰਗਠਨ ਦੇ ਬੁਲਾਰੇ ਤਨਵੀਰ ਰਾਥਰ ਨੇ ਜਾਰੀ ਕੀਤਾ ਹੈ। ਅੱਤਵਾਦੀ ਸੰਗਠਨ ਵੱਲੋਂ ਜਾਰੀ ਫੋਟੋਆਂ ’ਚ ਹਮਲੇ ਤੋਂ ਪਹਿਲਾਂ ਸੜਕ ’ਤੇ ਹਮਲੇ ਦਾ ਸ਼ਿਕਾਰ ਵਾਹਨ ਆਉਂਦਾ ਵਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜੀ ਫੋਟੋ ’ਚ ਅੱਤਵਾਦੀ ਰਾਈਫਲ ਲੈ ਕੇ ਮੋਰਚਾ ਸੰਭਾਲੇ ਵਿਖਾਈ ਦੇ ਰਹੇ ਹਨ।
ਪੀ.ਏ.ਐੱਫ.ਐੱਫ. ਅੱਤਵਾਦੀ ਸੰਗਠਨ (ਪੀਪੁਲ ਐਂਟੀ ਫੇਸੀਸਟ ਫਰੰਟ) ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਚਿਹਰਾ ਹੈ। ਇਸ ਅੱਤਵਾਦੀ ਸੰਗਠਨ ਨੂੰ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਖੜ੍ਹਾ ਕੀਤਾ ਗਿਆ ਸੀ, ਜਿਸ ’ਚ ਸਥਾਨਕ ਨੌਜਵਾਨਾਂ ਦਾ ਬ੍ਰੇਨ ਵਾਸ਼ ਕਰ ਕੇ ਅੱਤਵਾਦੀ ਹਮਲਿਆਂ ਲਈ ਉਕਸਾਇਆ ਜਾਂਦਾ ਹੈ। ਸੰਗਠਨ ਨੇ ਪਹਿਲੀ ਵਾਰ ਜੰਮੂ ਡਵੀਜ਼ਨ ’ਚ ਇਸ ਤਰ੍ਹਾਂ ਦੇ ਹਮਲੇ ਨੂੰ ਅੰਜਾਮ ਦੇ ਕੇ ਆਪਣੀ ਮੌਜ਼ੂਦਗੀ ਦਰਜ ਕਰਵਾਈ ਹੈ। ਪਹਿਲਾਂ ਸਿਰਫ਼ ਐਲਾਨ ਕੀਤਾ ਗਿਆ ਸੀ, ਹੁਣ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ ਅਤੇ ਛੇਤੀ ਹੀ ਵੀਡੀਓ ਜਾਰੀ ਕਰਨ ਦੀ ਸੰਭਾਵਨਾ ਵੀ ਹੈ।