ਕਾਂਗਰਸੀ ਵਿਧਾਇਕ ਦਾ ਵਿਵਾਦਿਤ ਬਿਆਨ, ‘ਖੂਬਸੂਰਤੀ’ ਨੂੰ ਜਬਰ-ਜ਼ਨਾਹ ਨਾਲ ਜੋੜਿਆ
Sunday, Jan 18, 2026 - 12:22 PM (IST)
ਭੋਪਾਲ/ਇੰਦੌਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਇਕ ਕਾਂਗਰਸੀ ਵਿਧਾਇਕ ਫੂਲ ਸਿੰਘ ਬਰਈਆ ਨੇ ਕਥਿਤ ਤੌਰ ’ਤੇ ਔਰਤਾਂ ਦੀ ‘ਖੂਬਸੂਰਤੀ’ ਨੂੰ ਜਬਰ-ਜ਼ਨਾਹ ਨਾਲ ਅਤੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀਆਂ ਔਰਤਾਂ ਵਿਰੁੱਧ ਸੈਕਸ ਸ਼ੋਸ਼ਣ ਨੂੰ ‘ਤੀਰਥ ਫਲ’ ਨਾਲ ਜੋੜ ਕੇ ਇਕ ਨਵਾਂ ਸਿਆਸੀ ਵਿਵਾਦ ਛੇੜ ਦਿੱਤਾ ਹੈ। ਪਾਰਟੀ ਨੇ ਇਸ ਨੂੰ ਵਿਧਾਇਕ ਦੀ ਨਿੱਜੀ ਰਾਏ ਦੱਸਿਆ ਹੈ।
ਬਰਈਆ ਦਾ ਇਹ ਬਿਆਨ ਸ਼ਨੀਵਾਰ ਉਦੋਂ ਸਾਹਮਣੇ ਆਇਆ ਜਦੋਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੂਸ਼ਿਤ ਪਾਣੀ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਇੰਦੌਰ ਦਾ ਦੌਰਾ ਕਰ ਰਹੇ ਸਨ।
ਮੁੱਖ ਮੰਤਰੀ ਮੋਹਨ ਯਾਦਵ ਤੇ ਸੂਬੇ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਬਰਈਆ ਦੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਤੇ ਉਮੀਦ ਪ੍ਰਗਟਾਈ ਕਿ ਗਾਂਧੀ ਕਾਂਗਰਸੀ ਵਿਧਾਇਕ ਵਿਰੁੱਧ ਕਾਰਵਾਈ ਕਰਨਗੇ। ਵਿਵਾਦ ਤੋਂ ਬਾਅਦ ਕਾਂਗਰਸ ਨੇ ਬਰਈਆ ਦੇ ਬਿਆਨ ਨੂੰ ‘ਨਿੱਜੀ ਰਾਏ’ ਕਰਾਰ ਦਿੱਤਾ ਤੇ ਇਸ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ । ਨਾਲ ਹੀ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਵੀ ਮੰਗਿਆ।
ਬਰਈਆ ਨੇ ਆਪਣਾ ਪੱਖ ਰੱਖਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਦੀਆਂ 40 ਕਰੋੜ ਔਰਤਾਂ ਦੇ ਹਿੱਤਾਂ ’ਚ ਹਨ। ਦਤੀਆ ਦੇ ਭੰਡੇਰ ਤੋਂ ਕਾਂਗਰਸੀ ਵਿਧਾਇਕ ਬਰਈਆ ਜੋ ਅਕਸਰ ਆਪਣੇ ਬਿਆਨਾਂ ਲਈ ਖ਼ਬਰਾਂ ’ਚ ਰਹਿੰਦੇ ਹਨ, ਨੇ ਇਕ ਮੀਡੀਆ ਸੰਗਠਨ ਨਾਲ ਇੰਟਰਵਿਊ ਦੌਰਾਨ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਕੀਤੀਆਂ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ’ਚ ਬਰਈਆ ਇਹ ਦਾਅਵਾ ਕਰਦੇ ਹੋਏ ਨਜ਼ਰ ਆਉਂਦੇ ਹਨ ਕਿ ਭਾਰਤ ’ਚ ਸਭ ਤੋਂ ਵੱਧ ਜਬਰ-ਜ਼ਨਾਹ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਸਭ ਤੋਂ ਪੱਛੜੇ ਵਰਗ ਦੀਆਂ ਔਰਤਾਂ ਨਾਲ ਹੁੰਦੇ ਹਨ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਬਰ-ਜ਼ਨਾਹ ਦਾ ਵੀ ‘ਸਿਧਾਂਤ’ ਹੈ। ਜੇ ਕੋਈ ਨੌਜਵਾਨ ਸੜਕ ’ਤੇ ਘੁੰਮ ਰਿਹਾ ਹੈ ਤੇ ਕਿਸੇ ਬਹੁਤ ਖੂਬਸੂਰਤ ਕੁੜੀ ਨੂੰ ਵੇਖਦਾ ਹੈ ਤਾਂ ਉਸ ਦਾ ਮਨ ਭਟਕ ਸਕਦਾ ਹੈ। ਫਿਰ ਜਬਰ-ਜ਼ਨਾਹ ਹੋ ਸਕਦਾ ਹੈ।
ਬਰਈਆ ਨੇ ਸਵਾਲੀਆ ਅੰਦਾਜ਼ ’ਚ ਪੁੱਛਿਆ ਕਿ ਆਦਿਵਾਸੀਆਂ, ਦਲਿਤਾਂ ਤੇ ਓ. ਬੀ. ਸੀ. ’ਚੋਂ ਕਿਸ ਦੀ ਔਰਤ ਸਭ ਤੋਂ ਖੂਬਸੂਰਤ ਹੈ? ਇਨ੍ਹਾਂ ਭਾਈਚਾਰਿਆਂ ਦੀਆਂ ਔਰਤਾਂ ਨਾਲ ਕਿਉਂ ਹੁੰਦਾ ਹੈ ਜਬਰ-ਜ਼ਨਾਹ? ਕਿਉਂਕਿ ਉਨ੍ਹਾਂ ਦੇ ਧਰਮ ਗ੍ਰੰਥਾਂ ’ਚ ਅਜਿਹੀਆਂ ਹਦਾਇਤਾਂ ਹਨ। ਜਦੋਂ ਰਿਪੋਰਟਰਾਂ ਨੇ ਪੁੱਛਿਆ ਕਿ ਕਿਸ ਧਰਮ ਗ੍ਰੰਥ ’ਚ ਅਜਿਹਾ ਲਿਖਿਆ ਹੈ ਤਾਂ ਬਰਈਆ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ।
ਉਨ੍ਹਾਂ ਕਥਿਤ ਤੌਰ ’ਤੇ ਇਕ ਸੰਸਕ੍ਰਿਤ ਆਇਤ ਦੀ ਵਿਆਖਿਆ ਕੀਤੀ ਤੇ ਕਿਹਾ ਕਿ ‘ਧਾਰਮਿਕ ਗ੍ਰੰਥਾਂ’ ’ਚ ਜ਼ਿਕਰ ਕੀਤਾ ਗਿਆ ਹੈ ਕਿ ਫਲਾਣੀ ਔਰਤ ਨਾਲ ਸਬੰਧ ਬਣਾਉਣ ’ਤੇ ‘ਇਸ ਤੀਰਥ ਦਾ ਫਲ’ ਮਿਲੇਗਾ।
