PM ਮੋਦੀ ਦੇ US ਦੌਰੇ ਦੇ ਪਹਿਲੇ ਹੀ ਦਿਨ ਊਰਜਾ ਖੇਤਰ 'ਚ ਵੱਡੀ ਡੀਲ

09/22/2019 8:44:41 AM

ਹਿਊਸਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਦੇ ਪਹਿਲੇ ਹੀ ਦਿਨ ਪੈਟਰੋਨੇਟ ਐੱਲ. ਐੱਨ. ਜੀ. ਲਿਮਟਿਡ ਤੇ ਯੂ. ਐੱਸ. ਡਿਵੈੱਲਪਰ ਟੈਲੂਰੀਅਨ ਵਿਚਕਾਰ ਇਕ ਵੱਡੀ ਡੀਲ 'ਤੇ ਦਸਤਖਤ ਹੋਏ ਹਨ। ਭਾਰਤ ਦੀ ਪੈਟਰੋਨੇਟ ਹੁਣ ਯੂ. ਐੱਸ. ਦੀ ਕੰਪਨੀ ਟੈਲੂਰੀਅਨ ਕੋਲੋਂ ਸਾਲਾਨਾ 50 ਲੱਖ ਟਨ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਇੰਪੋਰਟ ਕਰ ਸਕਦੀ ਹੈ। ਟੈਲੂਰੀਅਨ ਯੂ. ਐੱਸ. ਦੀ ਵੱਡੀ ਕੁਦਰਤੀ ਗੈਸ ਕੰਪਨੀ ਹੈ, ਜਿਸ ਦਾ ਮੁੱਖ ਦਫਤਰ ਟੈਕਸਾਸ ਦੇ ਹਿਊਸਟਨ 'ਚ ਹੈ।


ਟੈਲੂਰੀਅਨ ਅਤੇ ਪੈਟ੍ਰੋਨੇਟ ਨੇ ਇਸ ਲਈ ਟਰਾਂਜ਼ੈਕਸ਼ਨ ਐਗਰੀਮੈਂਟ ਨੂੰ ਮਾਰਚ 2020 ਤਕ ਆਖਰੀ ਰੂਪ ਦੇਣ ਦਾ ਟੀਚਾ ਨਿਰਧਾਰਤ ਕੀਤਾ ਹੈ। ਜ਼ਿਕਰਯੋਗ ਹੈ ਕਿ ਟੈਲੂਰੀਅਨ ਨੇ ਫਰਵਰੀ 'ਚ ਹੀ ਪੈਟ੍ਰੋਨੈਟ ਐੱਲ. ਐੱਨ. ਜੀ. ਲਿਮੀਟਡ ਇੰਡੀਆ ਨਾਲ ਇਕ ਐੱਮ. ਓ. ਯੂ. 'ਤੇ ਦਸਤਖਤ ਕਰਕੇ ਪੀ. ਐੱਲ. ਐੱਲ. ਡ੍ਰਿਫਟਵੁਡ ਯੋਜਨਾ 'ਚ ਨਿਵੇਸ਼ ਦੀਆਂ ਸੰਭਾਵਨਾਵਾਂ ਲੱਭਣ ਦੀ ਘੋਸ਼ਣਾ ਕੀਤੀ ਸੀ।


ਕੰਪਨੀ ਵਲੋਂ ਕਿਹਾ ਗਿਆ ਹੈ ਕਿ ਇਸ 'ਚ ਪ੍ਰਸਤਾਵਿਤ ਟਰਮੀਨਲ ਨਾਲ ਹੀ ਕੁਦਰਤੀ ਗੈਸ ਉਤਪਾਦਨ, ਏਕੀਕਰਣ, ਆਵਾਜਾਈ ਸੁਵਿਧਾਵਾਂ ਸ਼ਾਮਲ ਹਨ। ਭਾਰਤ ਪਹਿਲਾ ਐੱਲ. ਐੱਨ. ਜੀ. ਲਈ ਸਿਰਫ ਕਤਰ 'ਤੇ ਨਿਰਭਰ ਸੀ। ਹੁਣ ਅਮਰੀਕਾ ਦੇ ਨਾਲ-ਨਾਲ ਰੂਸ ਅਤੇ ਆਸਟ੍ਰੇਲੀਆ ਤੋਂ ਵੀ ਐੱਲ. ਐੱਨ. ਜੀ. ਦਾ ਇੰਪੋਰਟ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ 'ਹਾਓਡੀ ਮੋਦੀ' ਪ੍ਰੋਗਰਾਮ 'ਚ ਵੀ ਅੱਜ ਸ਼ਿਰਕਤ ਕਰਨੀ ਹੈ। ਇਸ 'ਚ 48 ਸੂਬਿਆਂ ਦੇ 50 ਹਜ਼ਾਰ ਤੋਂ ਵਧੇਰੇ ਭਾਰਤੀ-ਅਮਰੀਕੀ ਆਉਣਗੇ।


Related News