ਮਾਕਪਾ ਦੇ ਬਾਗੀ ਉਮੀਦਵਾਰ ਦੇ ਸਮਰਥਕ ਦੇ ਘਰ ਹਮਲਾ, ਕਾਰ ਨੂੰ ਲਗਾਈ ਗਈ ਅੱਗ

Friday, Apr 10, 2026 - 11:04 AM (IST)

ਮਾਕਪਾ ਦੇ ਬਾਗੀ ਉਮੀਦਵਾਰ ਦੇ ਸਮਰਥਕ ਦੇ ਘਰ ਹਮਲਾ, ਕਾਰ ਨੂੰ ਲਗਾਈ ਗਈ ਅੱਗ

ਕੇਰਲ : ਇੱਥੋ ਦੇ ਕੰਨੂਰ ਜ਼ਿਲ੍ਹੇ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਦੀਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਈਆਨੂਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇੱਕ ਬਾਗੀ ਉਮੀਦਵਾਰ ਦੇ ਸਮਰਥਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਘਰ 'ਤੇ ਹਮਲਾ ਕੀਤਾ ਗਿਆ ਅਤੇ ਵੇਹੜੇ ਵਿੱਚ ਖੜ੍ਹੀ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਇਹ ਘਟਨਾ ਮਾਵੀਚੇਰੀ ਦੇ ਰਹਿਣ ਵਾਲੇ ਟੀ. ਪੁਰਸ਼ੋਤਮਨ ਦੇ ਘਰ ਵਾਪਰੀ । ਪੁਰਸ਼ੋਤਮਨ ਖੁਦ ਵੀ ਪਹਿਲਾਂ ਮਾਕਪਾ ਦਾ ਮੈਂਬਰ ਰਿਹਾ ਹੈ,ਪਰ ਕੁਝ ਸਾਲ ਪਹਿਲਾਂ ਉਸਨੇ ਪਾਰਟੀ ਛੱਡ ਦਿੱਤੀ ਸੀ। ਉਹ ਮਾਕਪਾ ਦੇ ਬਾਗੀ ਆਗੂ ਵੀ. ਕੁੰਹੀਕ੍ਰਿਸ਼ਨਨ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ । ਜ਼ਿਕਰਯੋਗ ਹੈ ਕਿ ਕੁੰਹੀਕ੍ਰਿਸ਼ਨਨ ਨੇ ਮਾਕਪਾ ਆਗੂਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਹੋਏ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਅਤੇ ਹੁਣ ਯੂ.ਡੀ.ਐੱਫ. (UDF) ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਹੈ।

ਅੱਧੀ ਰਾਤ ਨੂੰ ਹੋਇਆ ਹਮਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ (FIR) ਮੁਤਾਬਕ ਘਟਨਾ ਰਾਤ ਕਰੀਬ 12:30 ਵਜੇ ਵਾਪਰੀ। ਹਮਲਾਵਰਾਂ ਨੇ ਪਹਿਲਾਂ ਘਰ 'ਤੇ ਪੱਥਰਬਾਜ਼ੀ ਕੀਤੀ, ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਤੋਂ ਬਾਅਦ ਵੇਹੜੇ 'ਚ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਪੀੜਤ ਪੁਰਸ਼ੋਤਮਨ ਨੇ ਸਿੱਧੇ ਤੌਰ 'ਤੇ ਮਾਕਪਾ ਵਰਕਰਾਂ 'ਤੇ ਇਸ ਹਮਲੇ ਦਾ ਦੋਸ਼ ਲਗਾਇਆ ਹੈ।

ਪੁਲਿਸ ਵੱਲੋਂ ਜਾਂਚ ਜਾਰੀ
ਪਈਆਨੂਰ ਪੁਲਿਸ ਨੇ ਦੱਸਿਆ ਕਿ ਇਲਾਕੇ ਦੇ CCTV ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਕੰਨੂਰ ਜ਼ਿਲ੍ਹੇ ਦੇ ਕਈ ਹੋਰ ਹਲਕਿਆਂ ਜਿਵੇਂ ਤਾਲੀਪਾਰੰਬਾ, ਮੱਟਨੂਰ ਅਤੇ ਧਰਮਦਮ ਤੋਂ ਵੀ ਚੋਣਾਂ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਵਰਕਰਾਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਪੁਲਿਸ ਨੇ ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।


author

SATPAL

Content Editor

Related News