ਪ੍ਰਯਾਗਰਾਜ ’ਚ ਬੁਲਡੋਜ਼ਰ ਦੀ ਕਾਰਵਾਈ ਖਿਲਾਫ ਹਾਈ ਕੋਰਟ ’ਚ ਪਟੀਸ਼ਨ ਦਾਇਰ

06/14/2022 11:19:56 AM

ਪ੍ਰਯਾਗਰਾਜ– ਸ਼ਹਿਰ ਦੇ ਅਟਾਲਾ ਅਤੇ ਕਰੇਲੀ ’ਚ ਸ਼ੁੱਕਰਵਾਰ ਹੋਈ ਪੱਥਰਬਾਜ਼ੀ ਤੋਂ ਬਾਅਦ ਕਰੇਲੀ ’ਚ ਕਥਿਤ ਮਾਸਟਰਮਾਈਂਡ ਮੁਹੰਮਦ ਜਾਵੇਦ ਦੇ ਘਰ ਨੂੰ ਢਾਹੇ ਜਾਣ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਾਵੇਦ ਉਰਫ ਪੰਪ ਦੇ ਦੋ ਮੰਜ਼ਿਲਾ ਘਰ ਨੂੰ ਪ੍ਰਯਾਗਰਾਜ ਵਿਕਾਸ ਅਥਾਰਟੀ (ਪੀ.ਡੀ.ਏ.) ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਢਾਹ ਦਿੱਤਾ ਸੀ।
ਜ਼ਿਲ੍ਹਾ ਐਡਵੋਕੇਟ ਫੋਰਮ ਦੇ ਪੰਜ ਵਕੀਲਾਂ ਵਲੋਂ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਭੇਜੀ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੀ. ਡੀ. ਏ. ਵੱਲੋਂ ਜਿਸ ਮਕਾਨ ਨੂੰ ਢਾਹਿਆ ਗਿਆ ਹੈ, ਅਸਲ ਵਿੱਚ ਉਸ ਘਰ ਦਾ ਮਾਲਕ ਜਾਵੇਦ ਨਹੀਂ ਸਗੋਂ ਉਸਦੀ ਪਤਨੀ ਪਰਵੀਨ ਫਾਤਿਮਾ ਹੈ। ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਉਕਤ ਘਰ ਪਰਵੀਨ ਫਾਤਿਮਾ ਨੂੰ ਉਸ ਦੇ ਮਾਪਿਆਂ ਨੇ ਵਿਆਹ ਤੋਂ ਪਹਿਲਾਂ ਤੋਹਫ਼ੇ ਵਿੱਚ ਦਿੱਤਾ ਸੀ। ਜਾਵੇਦ ਕੋਲ ਉਸ ਮਕਾਨ ਅਤੇ ਜ਼ਮੀਨ ਦੀ ਕੋਈ ਮਾਲਕੀ ਨਹੀਂ ਹੈ, ਇਸ ਲਈ ਉਸ ਮਕਾਨ ਨੂੰ ਢਾਹੁਣਾ ਕਾਨੂੰਨ ਦੇ ਮੂਲ ਸਿਧਾਂਤ ਦੇ ਵਿਰੁੱਧ ਹੈ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਢਾਹੁਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਪੀ. ਡੀ. ਏ. ਨੇ 11 ਜੂਨ ਨੂੰ ਪਰਵੀਨ ਫਾਤਿਮਾ ਦੇ ਘਰ ਨੋਟਿਸ ਚਿਪਕਾਇਆ ਸੀ। ਇਸ ਤੋਂ ਪਹਿਲਾਂ ਦੀ ਮਿਤੀ ’ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਜ਼ਿਕਰ ਕੀਤਾ ਸੀ। ਨਾ ਤਾਂ ਜਾਵੇਦ ਅਤੇ ਨਾ ਹੀ ਉਸ ਦੀ ਪਤਨੀ ਪਰਵੀਨ ਫਾਤਿਮਾ ਨੂੰ ਇਹ ਨੋਟਿਸ ਕਦੇ ਮਿਲਿਆ ਹੈ।


Rakesh

Content Editor

Related News