ਸ਼੍ਰੀਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Saturday, Sep 14, 2024 - 03:03 PM (IST)

ਭਾਗਲਪੁਰ (ਵਾਰਤਾ)- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਬਰਾਰੀ ਥਾਣਾ ਖੇਤਰ ਤੋਂ ਉੱਤਰ ਪ੍ਰਦੇਸ਼ ਦੀ ਪੁਲਸ ਨੇ ਅਯੁੱਧਿਆ ਦੇ ਸ਼੍ਰੀਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਮੁਹੰਮਦ ਮਕਸੂਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਬਰਾਰੀ ਥਾਣਾ ਖੇਤਰ ਦੇ ਮਾੜੀ ਖੰਜਰਪੁਰ ਖੇਤਰ ਦੀ ਮਸਜਿਦ ਗਲੀ ਦੇ ਨਿਵਾਸੀ ਮੁਹੰਮਦ ਮਕਸੂਦ ਨੇ 14 ਜੂਨ ਨੂੰ ਫੇਸਬੁੱਕ ਅਤੇ ਵਟਸਐਪ ਰਾਹੀਂ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਮਾਰਨ ਦੀ ਗੱਲ ਵੀ ਕਹੀ ਸੀ। ਉਸ ਨੇ ਆਪਣੇ ਆਪ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੈਂਬਰ ਐਲਾਨਿਆ ਸੀ।

ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਯੁੱਧਿਆ ਪੁਲਸ ਦੀ ਇਕ ਵਿਸ਼ੇਸ਼ ਟੀਮ ਨੇ ਤਕਨੀਕੀ ਨਿਗਰਾਨੀ ਰਾਹੀਂ ਭਾਗਲਪੁਰ ਪਹੁੰਚ ਕੇ ਸਥਾਨਕ ਪੁਲਸ ਦੇ ਸਹਿਯੋਗ ਨਾਲ ਸ਼ੁੱਕਰਵਾਰ ਦੇਰ ਰਾਤ ਨੂੰ ਦੋਸ਼ੀ ਮੁਹੰਮਦ ਮਕਸੂਦ ਦੇ ਘਰ ਛਾਪੇਮਾਰੀ ਕਰ ਕੇ ਉਸ ਨੂੰ ਫੜ ਲਿਆ। ਉਸ ਕੋਲੋਂ ਚਾਰ ਮੋਬਾਇਲ ਫੋਨ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਹੰਮਦ ਮਕਸੂਦ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਆਮਿਰ ਦੇ ਸੰਪਰਕ 'ਚ ਸੀ। ਉਹ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸੰਬੰਧਤ ਮੈਸੇਜ ਭੇਜਦਾ ਸੀ ਅਤੇ ਸਾਈਬਰ ਠੱਗੀ 'ਚ ਵੀ ਉਸ ਦੀ ਸ਼ਮੂਲੀਅਤ ਸੀ। ਉੱਤਰ ਪ੍ਰਦੇਸ਼ ਦੀ ਪੁਲਸ ਦੀ ਟੀਮ ਮੁਹੰਮਦ ਮਕਸੂਦ ਦੀ ਸਿਹਤ ਦੀ ਜਾਂਚ ਕਰਵਾਉਣ ਤੋਂ ਬਾਅਦ ਉਸ ਨੂੰ ਟ੍ਰਾਂਜਿਟ ਰਿਮਾਂਡ 'ਤੇ ਅਯੁੱਧਿਆ ਲਿਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News