ਰਾਜੀਵ ਗਾਂਧੀ ਕਤਲਕਾਂਡ: SC ਵਲੋਂ ਰਿਹਾਅ ਕਰਨ ਦੇ ਹੁਕਮ ਮਗਰੋਂ ਭਾਵੁਕ ਹੋਇਆ ਪੇਰਾਰਿਵਲਨ ਦਾ ਪਰਿਵਾਰ

Wednesday, May 18, 2022 - 03:09 PM (IST)

ਚੇਨਈ– ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਕ ਦੋਸ਼ੀ ਏ. ਜੀ. ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਕੋਰਟ ਦੇ ਇਸ ਹੁਕਮ ਮਗਰੋਂ ਤਾਮਿਲਨਾਡੂ ’ਚ ਜੇਲਾਰਪੇਟਈ ’ਚ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਲੋਕਾਂ ਦੀ ਕਾਫੀ ਭੀੜ ਵੇਖਣ ਨੂੰ ਮਿਲੀ। ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਹੀ ਰਿਸ਼ਤੇਦਾਰਾਂ ਦਾ ਇੱਥੇ ਆਉਣਾ-ਜਾਣਾ ਸ਼ੁਰੂ ਹੋ ਗਿਆ। 

PunjabKesari

ਪੇਰਾਰਿਵਲਨ ਦੇ ਪਿਤਾ ਕੁਲਦਾਸਨ ਨੇ ਆਪਣੇ ਬੇਟੇ ਦੀ 30 ਸਾਲ ਦੀ ਕੈਦ ਖਤਮ ਹੋਣ 'ਤੇ ਬਹੁਤ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੀ ਮਾਂ ਅਰਪੁਥਮਲ ਅਤੇ ਪਿਤਾ ਕੁਲਦਾਸਨ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀਆਂ ਅੱਖਾਂ ਭਰ ਆਈਆਂ। ਕੋਰਟ ਦੇ ਇਸ ਫ਼ੈਸਲੇ ਨਾਲ ਏ. ਜੀ. ਪੇਰਾਰਿਵਲਨ 31 ਸਾਲ ਬਾਅਦ ਜੇਲ੍ਹ ’ਚੋਂ ਬਾਹਰ ਆਉਣਗੇ। ਪੇਰਾਰਿਵਲਨ ਦੇ ਪਰਿਵਾਰ ਨੇ ਅੱਜ ਇਸ ਖ਼ਾਸ ਮੌਕੇ ’ਤੇ ਮਠਿਆਈਆਂ ਵੰਡੀਆਂ, ਇਕ-ਦੂਜੇ ਨੂੰ ਗਲ ਲਾਇਆ। ਸਾਰੇ ਇਸ ਦੌਰਾਨ ਬੇਹੱਦ ਭਾਵੁਕ ਨਜ਼ਰ ਆਏ। 

PunjabKesari

ਗੌਰ ਕਰਨ ਵਾਲੀ ਗੱਲ ਹੈ ਕਿ ਪੇਰਾਰਿਵਲਨ ਆਪਣੇ ਬੀਮਾਰ ਪਿਤਾ ਦੀ ਦੇਖ਼ਭਾਲ ਲਈ ਜ਼ਮਾਨਤ ’ਤੇ ਬਾਹਰ ਸਨ। ਪੇਰਾਰਿਵਲਨ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਰਿਹਾਈ ’ਤੇ ਖੁਸ਼ੀ ਜਤਾਉਂਦੇ ਹੋਏ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜੋ ਲੰਬੀ ਕਾਨੂੰਨੀ ਲੜਾਈ ’ਚ ਉਨ੍ਹਾਂ ਨਾਲ ਖੜ੍ਹੇ ਰਹੇ। ਓਧਰ ਪੇਰਾਰਿਵਲਨ ਦੀ ਰਿਹਾਈ ’ਤੇ ਰਾਜਨੇਤਾਵਾਂ ਨੇ ਕਿਹਾ ਇਹ ਇਕ ਮਾਂ ਦੀ ਜਿੱਤ ਹੈ, ਜਿਸ ਨੇ ਆਪਣੇ ਪੁੱਤਰ ਦੀ ਰਿਹਾਈ ਲਈ 3 ਦਹਾਕੇ ਲੰਬੀ ਕਾਨੂੰਨੀ ਲੜਾਈ ਲੜੀ। ਵੇਲੋਰ ਜੇਲ੍ਹ ’ਚ 30 ਸਾਲ ਤੱਕ ਕੈਦ ਰਹੇ ਪੇਰਾਰਿਵਲਨ ਨੇ ਇਸ ਦੌਰਾਨ ਬਿਆਨ ਦਿੱਤਾ, ‘‘ਸੱਚਾਈ ਅਤੇ ਨਿਆਂ ਸਾਡੇ ਨਾਲ ਹੈ। ਮੇਰੀ ਮਾਂ ਮੇਰੀ ਤਾਕਤ ਸੀ ਅਤੇ ਉਨ੍ਹਾਂ ਨੇ ਇਸ ਕਾਨੂੰਨੀ ਲੜਾਈ ਨੂੰ ਜਿੱਤਣ ’ਚ ਮੇਰੀ ਮਦਦ ਕੀਤੀ। ਦੱਸ ਦੇਈਏ ਕਿ ਇਸ ਮਾਮਲੇ ’ਚ ਸਜ਼ਾ ਕੱਟ ਰਹੇ ਹੋਰ ਦੋਸ਼ੀਆਂ- ਮੁਰੂਗਨ, ਸੰਤਨ, ਜੈਕੁਮਾਰ, ਰਾਬਰਟ ਪੇਅਸ, ਜੈਚੰਦਰਨ ਅਤੇ ਨਲਿਨੀ ਸ਼ਾਮਲ ਹਨ।


Tanu

Content Editor

Related News