ਪ੍ਰਿਯੰਕਾ ਨੇ ਦਿੱਤਾ ਸੰਕੇਤ, ਜਨਤਾ ਤੈਅ ਕਰੇਗੀ ਕਿ ਰਾਹੁਲ ਗਾਂਧੀ ਨੇ PM ਬਣਨਾ ਹੈ ਜਾਂ ਨਹੀਂ
Sunday, May 14, 2023 - 12:10 PM (IST)
ਸ਼ਿਮਲਾ (ਕੁਲਦੀਪ)- ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੈ ਜਾਂ ਨਹੀਂ, ਇਹ ਦੇਸ਼ ਦੀ ਜਨਤਾ ਤੈਅ ਕਰੇਗੀ। ਕਾਂਗਰਸ ਦਫ਼ਤਰ ਸ਼ਿਮਲਾ ’ਚ ਪੱਤਰਕਾਰਾਂ ਤੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਚ ਲੜੀਆਂ ਗਈਆਂ। ਕਰਨਾਟਕ ਦੇ ਜਿਨ੍ਹਾਂ 91 ਵਿਧਾਨ ਸਭਾ ਹਲਕਿਆਂ ’ਚੋਂ ਭਾਰਤ ਜੋੜੋ ਯਾਤਰਾ ਲੰਘੀ, ਉੱਥੇ ਪਾਰਟੀ ਨੂੰ 75 ਫ਼ੀਸਦੀ ਸੀਟਾਂ ’ਤੇ ਜਿੱਤ ਮਿਲੀ।
ਪ੍ਰਿਯੰਕਾ ਨੇ ਕਿਹਾ ਕਿ ਦੇਸ਼ ’ਚ ਵੱਖਰੀ ਤਰ੍ਹਾਂ ਦੀ ਰਾਜਨੀਤੀ ਉਭਰੀ ਹੈ, ਜੋ ਜਨਤਾ ਦੇ ਵਿਕਾਸ ਦੇ ਮੁੱਦਿਆਂ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਮੱਲਿਕਾਰਜੁਨ ਖੜਗੇ ਇਕ ਮਹੀਨੇ ਤੋਂ ਕਰਨਾਟਕ ’ਚ ਡਟੇ ਰਹੇ ਅਤੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਹਰ ਇਕ ਵਰਕਰ ਨੇ ਜਿੱਤ ’ਚ ਆਪਣਾ ਯੋਗਦਾਨ ਦਿੱਤਾ। ਉਨ੍ਹਾਂ ਨੇ ਇਸ ਜਿੱਤ ਲਈ ਸਿੱਧਰਮਈਆ ਅਤੇ ਡੀ. ਕੇ. ਸ਼ਿਵ ਕੁਮਾਰ ਨੂੰ ਵਧਾਈ ਦਿੱਤੀ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੀ ਜਨਤਾ ਅੱਜ ਮਹਿੰਗਾਈ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਗੱਲ ਕਰਨਾ ਚਾਹੁੰਦੀ ਹੈ। ਜਨਤਾ ਅੱਜ ਵਿਕਾਸ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ’ਚ ਵਿਰੋਧੀ ਪਾਰਟੀਆਂ ਨੇ ਵਿਕਾਸ ਦੇ ਮੁੱਦੇ ’ਤੇ ਗੱਲ ਕਰਨ ਦੀ ਬਜਾਏ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਜਨਤਾ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੀ ਹੈ। ਅਜਿਹੇ ’ਚ ਚੋਣਾਂ ਦੇ ਸਮੇਂ ਜੋ ਗਾਰੰਟੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਪਾਰਟੀ ’ਤੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ’ਚ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਚੁੱਕਿਆ। ਪ੍ਰਿਯੰਕਾ ਦੇ ਨਾਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਤੋਂ ਇਲਾਵਾ ਸੂਬਾ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਮੀਡੀਆ ਨਰੇਸ਼ ਚੌਹਾਨ ਸਮੇਤ ਹੋਰ ਨੇਤਾ ਵੀ ਮੌਜੂਦ ਸਨ।
ਸ਼ਿਮਲਾ ਤੋਂ ਤੈਅ ਹੋਵੇਗਾ ਕਰਨਾਟਕ ਦਾ ਨਵਾਂ ਮੁੱਖ ਮੰਤਰੀ
ਕਰਨਾਟਕ ਦੇ ਚੋਣ ਨਤੀਜਿਆਂ ਦਰਮਿਆਨ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ’ਚ ਮੌਜੂਦ ਰਹੀਆਂ। ਅਜਿਹੇ ’ਚ ਕਰਨਾਟਕ ਦੇ ਸਿਆਸੀ ਘਟਨਾਕ੍ਰਮ ’ਤੇ ਉਨ੍ਹਾਂ ਦੀ ਸ਼ਿਮਲਾ ਤੋਂ ਪੂਰੀ ਨਜ਼ਰ ਰਹੀ। ਅਜਿਹੇ ’ਚ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ’ਤੇ ਜਿਸ ਦੀ ਵੀ ਤਾਜਪੋਸ਼ੀ ਹੋਵੇਗੀ, ਉਸ ’ਚ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਅਹਿਮ ਭੂਮਿਕਾ ਰਹੇਗੀ, ਜਿਸ ’ਤੇ ਸ਼ਿਮਲਾ ਤੋਂ ਹੀ ਮੋਹਰ ਲੱਗੇਗੀ।