‘ਸਪੂਤਨਿਕ-ਵੀ’ ਤੇ ਕੋਵੈਕਸੀਨ ਲਗਾ ਚੁੱਕੇ ਲੋਕਾਂ ਨੂੰ ਅਮਰੀਕਾ ਤੇ ਯੂਰਪ ਜਾਣ ਲਈ ਅਜੇ ਕਰਨੀ ਪਵੇਗੀ ਉਡੀਕ

Monday, May 24, 2021 - 04:44 PM (IST)

ਇੰਟਰਨੈਸ਼ਨਲ ਡੈਸਕ : ਰੂਸ ਦੀ ਵੈਕਸੀਨ ‘ਸਪੂਤਨਿਕ-ਵੀ’ ਤੇ ‘ਕੋਵੈਕਸੀਨ’ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਜੋ ਭਾਰਤੀ ਯੂਰਪੀਅਨ ਦੇਸ਼ਾਂ ’ਚ ਜਾਣ ਦੀ ਯੋਜਨਾ ਬਣਾ ਰਹੇ ਹਨ, ਤਾਂ ਅਜੇ ਉਨ੍ਹਾਂ ਨੂੰ ਥੋੜ੍ਹੀ ਉਡੀਕ ਕਰਨੀ ਪਵੇਗੀ ਕਿਉਂਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਇਨ੍ਹਾਂ ਦੋਵਾਂ ਵੈਕਸੀਨਜ਼ ਨੂੰ ਐਮਰਜੈਂਸੀ ਯੂਜ਼ ਲਿਸਟਿੰਗ (ਈ. ਯੂ. ਐੱਸ.) ’ਚ ਜਗ੍ਹਾ ਨਹੀਂ ਦਿੱਤੀ ਗਈ ਹੈ।

ਵੀਜ਼ਾ ਲਈ ਟੀਕੇ ਦਾ ਸਰਟੀਫਿਕੇਟ ਹੋਣਾ ਜ਼ਰੂਰੀ
ਦੁਨੀਆ ਦੇ ਮੁੱਖ ਦੇਸ਼ ਡਬਲਯੂ. ਐੱਚ.ਓ. ਦੀ ਐਮਰਜੈਂਸੀ ਯੂਜ਼ ਲਿਸਟਿੰਗ ’ਚ ਸ਼ਾਮਲ ਵੈਕਸੀਨ ਲਵਾਉਣ ਵਾਲੇ ਲੋਕਾਂ ਨੂੰ ਹੀ ਵੀਜ਼ਾ ਦੇ ਰਹੇ ਹਨ। ਵੀਜ਼ਾ ਲਈ ਟੀਕੇ ਦਾ ਸਰਟੀਫਿਕੇਟ ਸਾਰੇ ਦੇਸ਼ਾਂ ਨੇ ਜ਼ਰੂਰੀ ਕੀਤਾ ਹੋਇਆ ਹੈ। ਇਨ੍ਹਾਂ ’ਚ ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ ਵੀ ਸ਼ਾਮਲ ਹਨ। ਜੇਕਰ ਕੋਈ ਵੈਕਸੀਨ ਈ. ਯੂ. ਐੱਲ. ਦੀ ਲਿਸਟ ’ਚ ਨਹੀਂ ਹੈ ਜਾਂ ਫਿਰ ਕਿਸੇ ਵਿਦੇਸ਼ੀ ਦੇਸ਼ ਵਲੋਂ ਅਪੂਰਵ ਨਹੀਂ ਕੀਤਾ ਗਿਆ ਹੈ। ਇਹੋ ਜਿਹੀ ਹਾਲਤ ’ਚ ਯਾਤਰੀ ਨੂੰ ਨਾਨ-ਵੈਕਸੀਨੇਟਿਡ ਮੰਨਿਆ ਜਾਵੇਗਾ। ਅਜਿਹੀ ਹਾਲਤ ’ਚ ਵਿਦੇਸ਼ ਜਾਣ ਵਾਲੇ ਕਈ ਭਾਰਤੀਆਂ ਦੇ ਸਾਹਮਣੇ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ।

ਵਿਦਿਆਰਥੀਆਂ ਦੀ ਪੜ੍ਹਾਈ ’ਚ ਆ ਸਕਦੀ ਹੈ ਰੁਕਾਵਟ
ਬਾਹਰਲੇ ਦੇਸ਼ ਜਾਣ ਵਾਲੇ ਵੱਡੀ ਗਿਣਤੀ ’ਚ ਵਿਦਿਆਰਥੀ ਹਨ ਕਿਉਂਕਿ ਅਗਸਤ-ਸਤੰਬਰ ’ਚ ਵਿਦੇਸ਼ਾਂ ’ਚ ਪੜ੍ਹਾਈ ਦਾ ਸੈਸ਼ਨ ਸ਼ੁਰੂ ਹੁੰਦਾ ਹੈ। ਉਥੋਂ ਦੇ ਹੋਸਟਲ ’ਚ ਰਹਿਣ ਲਈ ਉਨ੍ਹਾਂ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ ਤੇ ਭਾਰਤ ’ਚ ਮੌਜੂਦ ਹੁਣ ਸਿਰਫ ਇਕ ਹੀ ਵੈਕਸੀਨ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਨੂੰ ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਯੂਜ਼ ਲਿਸਟ ’ਚ ਸ਼ਾਮਲ ਕੀਤਾ ਗਿਆ ਹੈ। ਯੂ. ਕੇ. ਤੇ ਆਇਰਲੈਂਡ ਨੇ ਵੀ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਜਿਨ੍ਹਾਂ ਦੇਸ਼ਾਂ ਨੂੰ ਕੋਵੀਸ਼ੀਲਡ ਦੀ ਮਾਨਤਾ ਮਿਲੀ ਹੈ, ਉਥੇ ਭਾਰਤੀਆਂ ਨੂੰ ਹੋਟਲ ’ਚ ਕੁਆਰੰਟਾਈਨ ਨਹੀਂ ਹੋਣਾ ਪਵੇਗਾ।

ਸਰਕਾਰੀ ਵਿਦੇਸ਼ ਦੌਰੇ ਵੀ ਹੋ ਸਕਦੇ ਨੇ ਪ੍ਰਭਾਵਿਤ
ਉਥੇ ਹੀ ਕੋਵੈਕਸੀਨ ਦੀ ਗੱਲ ਕਰੀਏ ਤਾਂ ਉਸ ਨੂੰ ਵਿਸ਼ਵ ਸਿਹਤ ਸੰਗਠਨ ਦੇ ਆਂਕਲਨ ਕਰਨ ਤੋਂ ਬਾਅਦ ਹੀ ਐਮਰਜੈਂਸੀ ਯੂਜ਼ ਲਿਸਟ ’ਚ ਜਗ੍ਹਾ ਮਿਲੇਗੀ। ਉਥੇ ਹੀ ਭਾਰਤ ’ਚ ਆਈ ਰੂਸ ਦੀ ਸਪੂਤਨਿਕ-ਵੀ ਵੈਕਸੀਨ ਨੂੰ ਵੀ ਹੁਣ ਤਕ ਵਿਸ਼ਵ ਸਿਹਤ ਸੰਗਠਨ ਵੱਲੋਂ ਮੰਗੀ ਗਈ ਜਾਣਕਾਰੀ ਨਾ ਮਿਲਣ ਕਾਰਣ ਐਮਰਜੈਂਸੀ ਯੂਜ਼ ਲਿਸਟ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਦੇ ਲੱਗਭਗ ਸਾਰੇ ਕੇਂਦਰੀ ਮੰਤਰਾਲਿਆਂ ਦੇ ਅਫਸਰਾਂ ਨੂੰ ਵੀ ਕੋਵੈਕਸੀਨ ਲੱਗੀ ਹੈ, ਇਸ ਲਈ ਨਿੱਜੀ ਤੋਂ ਇਲਾਵਾ ਸਰਕਾਰੀ ਵਿਦੇਸ਼ ਦੌਰੇ ਵੀ ਪ੍ਰਭਾਵਿਤ ਹੋ ਸਕਦੇ ਹਨ।


Manoj

Content Editor

Related News