ਵਿਰੋਧੀ ਧਿਰ ਦੇ ਫੁੱਟ ਪਾਊ ਏਜੰਡੇ ਤੋਂ ਚੌਕਸ ਰਹਿਣ ਲੋਕ : PM ਮੋਦੀ

Wednesday, Dec 06, 2023 - 12:24 PM (IST)

ਵਿਰੋਧੀ ਧਿਰ ਦੇ ਫੁੱਟ ਪਾਊ ਏਜੰਡੇ ਤੋਂ ਚੌਕਸ ਰਹਿਣ ਲੋਕ : PM ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਆਪਣੇ ਆਲੋਚਕਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਆਪਣੇ ਹੰਕਾਰ, ਝੂਠ, ਨਿਰਾਸ਼ਾਵਾਦ ਅਤੇ ਅਗਿਆਨਤਾ ਦੇ ਭਰਮ ‘ਚ ਰਹਿ ਸਕਦੇ ਹਨ ਪਰ ਲੋਕਾਂ ਨੂੰ ਉਨ੍ਹਾਂ ਦੇ ਫੁੱਟ ਪਾਊ ਏਜੰਡੇ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ 70 ਸਾਲ ਪੁਰਾਣੀ ਆਦਤ ਇੰਨੀ ਆਸਾਨੀ ਨਾਲ ਨਹੀਂ ਜਾ ਸਕਦੀ। ਪ੍ਰਧਾਨ ਮੰਤਰੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪਾਈ ਗਈ ਇਕ ਪੋਸਟ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਪੋਸਟ ਦਾ ਸਿਰਲੇਖ ‘ਮੈਲਟਡਾਊਨ-ਏ-ਆਜ਼ਮ’ ਸੀ । ਇਸ ’ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਿੰਦੀ ਭਾਸ਼ਾਈ ਸੂਬਿਆਂ ਵਿੱਚ ਖੇਤਰੀ ਵੰਡ ਨੂੰ ਭੜਕਾਉਣ ਅਤੇ ਵੋਟਰਾਂ ਦਾ ਅਪਮਾਨ ਕਰਨ ਲਈ ਕੀਤੀਆਂ ਕਥਿਤ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਸਿਰਫ਼ ਤੇਲੰਗਾਨਾ ਵਿੱਚ ਹੀ ਜਿੱਤ ਮਿਲੀ ਹੈ ਅਤੇ ਇਸ ਨੂੰ ਉਸ ਲਈ ਹੌਸਲੇ ਵਾਲਾ ਦਸਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਕਿਸੇ ਪੋਸਟ ’ਤੇ ਪ੍ਰਤੀਕਿਰਿਆ ਦੇਣ ਲਈ ਕੀਤਾ ਗਿਆ ਇਹ ਪ੍ਰਗਟਾਵਾ ਲੀਕ ਤੋਂ ਹੱਟ ਕੇ ਸੀ ਕਿਉਂਕਿ ਇਸ ਦੇ ਜਵਾਬ ਵਿੱਚ ਉਨ੍ਹਾਂ ਸੋਸ਼ਲ ਮੀਡੀਆ ’ਤੇ ਹਮਲਾਵਰਤਾ ਜ਼ਾਹਰ ਕਰਨ ਵਾਲੇ ਇਮੋਜੀ ਵੀ ਪੋਸਟ ਕੀਤੇ ਸਨ ਜੋ ਉਹ ਆਮ ਤੌਰ 'ਤੇ ਨਹੀਂ ਕਰਦੇ। ਭਾਜਪਾ ਨੇਤਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੋਸਟ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਹੁੰਚ ਵਧਾ ਦਿੱਤੀ ਹੈ।

ਕੀਨੀਆ ਨੂੰ 250 ਮਿਲੀਅਨ ਡਾਲਰ ਦੇ ਕਰਜ਼ੇ ਦੀ ਸਹੂਲਤ ਦਾ ਐਲਾਨ

ਪ੍ਰਧਾਨ ਮੰਤਰੀ ਨੇ ਕੀਨੀਆ ਦੇ ਦੌਰੇ 'ਤੇ ਆਏ ਰਾਸ਼ਟਰਪਤੀ ਵਿਲੀਅਮ ਸਮੋਈ ਰੂਟੋ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਕੀਨੀਆ ਨੂੰ ਇਸ ਦੇ ਖੇਤੀਬਾੜੀ ਸੈਕਟਰ ਦੇ ਆਧੁਨਿਕੀਕਰਨ ਲਈ 250 ਮਿਲੀਅਨ ਡਾਲਰ ਦਾ ਕਰਜ਼ਾ ਪ੍ਰਦਾਨ ਕਰਨ ਦੇ ਭਾਰਤ ਦੇ ਫੈਸਲੇ ਦਾ ਐਲਾਨ ਕੀਤਾ। ਰੂਟੋ ਸੋਮਵਾਰ ਦੋਵਾਂ ਦੇਸ਼ਾਂ ਵਿਚਾਲੇ ਸਮੁੱਚੇ ਸਬੰਧਾਂ ਨੂੰ ਵਧਾਉਣ ਦੇ ਇਰਾਦੇ ਨਾਲ ਤਿੰਨ ਦਿਨਾਂ ਦੌਰੇ ’ਤੇ ਇੱਥੇ ਪਹੁੰਚੇ ਸਨ। ਇੰਡੋ-ਪੈਸੀਫਿਕ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੀਨੀਆ ਦਰਮਿਆਨ ਨਜ਼ਦੀਕੀ ਸਹਿਯੋਗ ਖੇਤਰ ਵਿੱਚ ਸਾਂਝੇ ਯਤਨਾਂ ਨੂੰ ਅੱਗੇ ਵਧਾਏਗਾ। ਭਾਰਤ ਅਤੇ ਕੀਨੀਆ ਦਾ ਮੰਨਣਾ ਹੈ ਕਿ ਅੱਤਵਾਦ ਮਨੁੱਖਤਾ ਦੇ ਸਾਹਮਣੇ ਸਭ ਤੋਂ ਗੰਭੀਰ ਚੁਣੌਤੀ ਹੈ । ਦੋਵਾਂ ਧਿਰਾਂ ਨੇ ਅੱਤਵਾਦ ਵਿਰੁੱਧ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News