ਰਿਸਰਚ ’ਚ ਖ਼ੁਲਾਸਾ : ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਹੈ ਕੋਰੋਨਾ ਤੋਂ ਵੱਧ ਖ਼ਤਰਾ
Wednesday, Dec 01, 2021 - 10:15 PM (IST)
ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਅਧਿਐਨ ਮੁਤਾਬਿਕ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘ਏ’ ਅਤੇ ‘ਬੀ’ ਅਤੇ ਖੂਨ ਆਰ. ਐੱਚ. ਸਮੇਤ ਹੈ, ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਮੁਤਾਬਿਕ ਕੋਰੋਨਾ ਦਾ ਖ਼ਤਰਾ ਵਧੇਰੇ ਹੁੰਦਾ ਹੈ, ਜਿਨ੍ਹਾਂ ਦਾ ਬਲੱਡ ਗਰੁੱਪ ‘ਓ’ ਜਾਂ ‘ਏ ਬੀ’ ਹੈ ਜਾਂ ਜਿਨ੍ਹਾਂ ਦਾ ਖੂਨ ਆਰ. ਐੱਚ. ਰਹਿਤ ਹੈ। ਸਰਗੰਗਾਰਾਮ ਹਸਪਤਾਲ ਨੇ ਮੰਗਲਵਾਰ ਇਕ ਬਿਆਨ ਵਿਚ ਦੱਸਿਆ ਕਿ ਹਸਪਤਾਲ ਵਿਚ 8 ਅਪ੍ਰੈਲ ਤੋਂ 4 ਅਕਤੂਬਰ 2020 ਦਰਮਿਆਨ ਦਾਖ਼ਲ ਹੋਏ 2586 ਮਰੀਜ਼ਾਂ ’ਤੇ ਇਹ ਅਧਿਐਨ ਕੀਤਾ ਗਿਆ ਸੀ। ਇਨ੍ਹਾਂ ਮਰੀਜ਼ਾਂ ਦੀ ਆਰ. ਟੀ.-ਪੀ. ਸੀ. ਆਰ. ਜਾਂਚ ਵਿਚ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ : ਸਾਬਕਾ PM ਦੇਵਗੌੜਾ ਦੇ ਸੁਆਗਤ ’ਚ ਝੁਕੇ ਪ੍ਰਧਾਨ ਮੰਤਰੀ ਮੋਦੀ, ਹੱਥ ਫੜ ਕੇ ਕੁਰਸੀ ’ਤੇ ਬਿਠਾਇਆ
ਇਹ ਅਧਿਐਨ ਹਸਪਤਾਲ ਦੇ ਖੋਜ ਵਿਭਾਗ ਅਤੇ ‘ਬਲੱਡ ਟ੍ਰਾਂਸਫਿਊਜ਼ਨ ਮੈਡੀਸਨ’ ਵਿਭਾਗ ਨੇ ਕੀਤਾ ਹੈ। ਇਸ ਵਿਚ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘ਏ’ ਅਤੇ ‘ਬੀ’ ਹੈ ਅਤੇ ਉਹ ਜਿਨ੍ਹਾਂ ਦਾ ਖੂਨ ਆਰ. ਐੱਚ. ਸਮੇਤ ਹੈ, ਕੋਵਿਡ ਇਨਫੈਕਸ਼ਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ, ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘ਓ’ ਅਤੇ ‘ਏ ਬੀ’ ਹੈ ਅਤੇ ਉਨ੍ਹਾਂ ਦਾ ਖੂਨ ਆਰ. ਐੱਚ. ਰਹਿਤ ਹੈ, ਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੋਣ ਦਾ ਖ਼ਤਰਾ ਘੱਟ ਹੈ। ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਬਲੱਡ ਗਰੁੱਪ ਅਤੇ ਬੀਮਾਰੀ ਦੀ ਗੰਭੀਰਤਾ ਅਤੇ ਮੌਤ ਹੋਣ ਵਿਚ ਕੋਈ ਸੰਬੰਧ ਨਹੀਂ। ਰੇਸੁਸ ਫੈਕਟਰ ਜਾਂ ਆਰ. ਐੱਚ. ਫੈਕਟਰ ਇਕ ਪ੍ਰੋਟੀਨ ਹਨ, ਜੋ ਖੂਨ ਦੇ ਲਾਲ ਸੈੱਲਾਂ ਦੀ ਸਤ੍ਹਾ ’ਤੇ ਹੋ ਸਕਦੇ ਹਨ ਅਤੇ ਜਿਨ੍ਹਾਂ ਦੇ ਖੂਨ ਵਿਚ ਇਹ ਤੱਤ ਪਾਏ ਜਾਂਦੇ ਹਨ, ਉਨ੍ਹਾਂ ਦਾ ਖੂਨ ਆਰ. ਐੱਚ. ਸਮੇਤ ਭਾਵ ਆਰ. ਐੱਚ. ਪਾਜ਼ੇਟਿਵ ਕਹਾਉਂਦਾ ਹੈ। ਜਿਨ੍ਹਾਂ ਲੋਕਾਂ ਦੇ ਖੂਨ ਵਿਚ ਇਹ ਤੱਤ ਨਹੀਂ ਹਨ, ਉਨ੍ਹਾਂ ਦਾ ਖੂਨ ਆਰ. ਐੱਚ. ਰਹਿਤ ਭਾਵ ਆਰ. ਐੱਚ. ਨੈਗੇਟਿਵ ਕਹਾਉਂਦਾ ਹੈ।
ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ