ਮੰਤਰੀ ਦਾ ਸ਼ਰਮਨਾਕ ਬਿਆਨ, ਕਿਹਾ- ਲੋਕਾਂ ਨੂੰ ਸਰਕਾਰ ਤੋਂ ''ਭੀਖ ਮੰਗਣ'' ਦੀ ਪੈ ਗਈ ਹੈ ਆਦਤ

Sunday, Mar 02, 2025 - 05:44 PM (IST)

ਮੰਤਰੀ ਦਾ ਸ਼ਰਮਨਾਕ ਬਿਆਨ, ਕਿਹਾ- ਲੋਕਾਂ ਨੂੰ ਸਰਕਾਰ ਤੋਂ ''ਭੀਖ ਮੰਗਣ'' ਦੀ ਪੈ ਗਈ ਹੈ ਆਦਤ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ ਹੈ ਕਿ ਲੋਕਾਂ ਨੂੰ ਸਰਕਾਰ ਤੋਂ 'ਭੀਖ ਮੰਗਣ' ਦੀ ਆਦਤ ਪੈ ਗਈ ਹੈ ਅਤੇ ਉਨ੍ਹਾਂ ਲੋਕਾਂ ਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਤੋਂ ਸਿੱਖਣ ਦੀ ਸਲਾਹ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਦੀਆਂ ਟਿੱਪਣੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਆਈ ਹੈ। ਸ਼ਨੀਵਾਰ ਨੂੰ ਰਾਜਗੜ੍ਹ ਜ਼ਿਲ੍ਹੇ ਦੇ ਸੁਥਾਲੀਆ ਕਸਬੇ 'ਚ ਰਾਣੀ ਅਵੰਤੀ ਬਾਈ ਲੋਧੀ ਦੇ ਬੁੱਤ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਰਾਜ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਨੇ ਕਿਹਾ,"ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ... ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਜੇਕਰ ਅਸੀਂ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ 'ਚ ਅਪਣਾਉਣ ਦੀ ਕੋਸ਼ਿਸ਼ ਕਰੀਏ, ਤਾਂ ਸਾਡਾ ਜੀਵਨ ਵੀ ਸਫ਼ਲ ਹੋ ਜਾਵੇਗਾ ਅਤੇ ਸ਼ਾਇਦ ਅਸੀਂ ਸਮਾਜ ਨੂੰ ਕੁਝ ਦੇ ਸਕਾਂਗੇ।''

ਇਹ ਵੀ ਪੜ੍ਹੋ : ਮੁੰਡਿਆਂ ਨੇ ਬਣਾਇਆ Katrina Kaif ਦਾ ਮਹਾਕੁੰਭ ਇਸ਼ਨਾਨ ਵੀਡੀਓ

ਆਜ਼ਾਦੀ ਘੁਲਾਟੀਏ ਅਵੰਤੀ ਬਾਈ ਨੇ 20 ਮਾਰਚ 1858 ਨੂੰ ਬ੍ਰਿਟਿਸ਼ ਸ਼ਾਸਨ ਖ਼ਿਲਾਫ਼ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ ਮੱਧ ਪ੍ਰਦੇਸ਼ ਦੇ ਰਾਮਗੜ੍ਹ (ਹੁਣ ਡਿੰਡੋਰੀ) ਦੀ ਰਾਣੀ ਸੀ। ਪਟੇਲ ਨੇ ਕਿਹਾ,''ਲੋਕਾਂ ਨੂੰ ਸਮਾਜ ਤੋਂ ਲੈਣ ਦੀ ਆਦਤ ਪੈ ਗਈ ਹੈ। ਹੁਣ ਤਾਂ ਉਹ ਸਰਕਾਰ ਤੋਂ ਭੀਖ ਮੰਗਣ ਦੇ ਵੀ ਆਦੀ ਹੋ ਗਏ ਹਨ। ਜਦੋਂ ਵੀ ਆਗੂ ਲੋਕਾਂ ਵਿਚਕਾਰ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਮੈਮੋਰੰਡਮ ਸੌਂਪੇ ਜਾਂਦੇ ਹਨ। ਆਗੂਆਂ ਨੂੰ ਸਟੇਜ 'ਤੇ ਹਾਰ ਪਹਿਨਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਮੰਗਾਂ ਦਾ ਇਕ ਮੰਗ ਪੱਤਰ ਸੌਂਪਿਆ ਜਾਂਦਾ ਹੈ। ਇਹ ਚੰਗੀ ਆਦਤ ਨਹੀਂ ਹੈ।'' ਭਾਜਪਾ ਨੇਤਾ ਨੇ ਕਿਹਾ ਕਿ ਵਿਅਕਤੀ ਨੂੰ ਹਮੇਸ਼ਾ ਲੈਣ ਦੀ ਬਜਾਏ ਦੇਣ ਦੀ ਮਾਨਸਿਕਤਾ ਵਿਕਸਿਤ ਕਰਨੀ ਚਾਹੀਦੀ ਹੈ। ਪਟੇਲ ਨੇ ਕਿਹਾ,"ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਜੇਕਰ ਤੁਸੀਂ ਅਜਿਹਾ ਕਰੋਗੇ, ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਇਕ ਸੰਸਕ੍ਰਿਤ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਓਗੇ।" ਉਨ੍ਹਾਂ ਕਿਹਾ ਕਿ 'ਭਿਖਾਰੀਆਂ ਦੀ ਫੌਜ ਇਕੱਠੀ ਕਰਨਾ' ਸਮਾਜ ਨੂੰ ਮਜ਼ਬੂਤ ​​ਨਹੀਂ ਕਰਦਾ ਸਗੋਂ ਕਮਜ਼ੋਰ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News