ਲਾਕਡਾਊਨ ਕਾਰਨ ਲੋਕ ਸ਼ਮਸ਼ਾਨ ਘਾਟ ''ਚ ਅਸਥੀਆਂ ਰੱਖਣ ਲਈ ਹੋਏ ਮਜ਼ਬੂਰ
Sunday, Apr 05, 2020 - 01:27 PM (IST)
ਪਿੰਜੌਰ-ਪੂਰੇ ਵਿਸ਼ਵ 'ਚ ਫੈਲੀ ਖਤਰਨਾਕ ਕੋਰੋਨਾਵਾਇਰਸ ਵਰਗੀ ਮਹਾਮਾਰੀ ਤੋਂ ਸੁਰੱਖਿਆ ਲਈ ਜਿੱਥੇ ਪੂਰੀ ਦੁਨੀਆ 'ਚ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਭਾਰਤ 'ਚ ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ 'ਚ 14 ਅਪ੍ਰੈਲ ਤੱਕ ਲਾਕਡਾਊਨ ਕਰ ਦਿੱਤਾ ਗਿਆ ਹੈ। ਲਾਕਡਾਊਨ ਦਾ ਪਾਲਣ ਕਰਵਾਉਣ ਦੇ ਲਈ ਥਾਂ-ਥਾਂ ਪੁਲਸ ਤਾਇਨਾਤ ਹੈ। ਇਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਹੀ ਬੰਦ ਹੋ ਕੇ ਬੈਠੇ ਹਨ। ਉੱਥੇ ਹੀ ਲਾਕਡਾਊਨ ਦੌਰਾਨ ਜੇਕਰ ਕਿਸੇ ਪਰਿਵਾਰ 'ਚ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਮਿ੍ਰਤਕ ਦਾ ਸੰਸਕਾਰ ਕਰ ਕੇ ਅਸਥੀਆਂ ਨੂੰ ਪ੍ਰਵਾਹ ਕਰਨ ਦੇ ਬਜਾਏ ਸ਼ਮਸ਼ਾਨ ਘਾਟ 'ਚ ਬਣੇ ਲਾਕਰਾਂ 'ਚ ਹੀ ਰੱਖਣ ਲਈ ਮਜ਼ਬੂਰ ਹੋ ਗਏ ਹਨ। ਹਰਿਆਣਾ ਸੂਬੇ ਦੇ ਪੰਚਕੂਲਾ ਜ਼ਿਲੇ 'ਚ ਕਾਲਕਾ-ਪਿੰਜੌਰ ਖੇਤਰ ਦੇ ਸ਼ਮਸ਼ਾਨਘਾਟ 'ਚ ਲਗਭਗ ਅੱਧਾ ਦਰਜਨ ਅਜਿਹੇ ਲੋਕਾਂ ਦੀਆਂ ਅਸਥੀਆਂ ਪਈਆਂ ਹਨ ,ਜੋ ਗੰਗਾ 'ਚ ਪ੍ਰਵਾਹ ਕਰਨ ਲਈ ਲਾਕਡਾਊਨ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।
ਕੁਝ ਲੋਕ ਯੁਮਨਾ 'ਚ ਹੀ ਅਸਥੀਆ ਪ੍ਰਵਾਹ ਕਰਨ ਲਈ ਹੋਏ ਮਜ਼ਬੂਰ-
ਹਾਲ ਹੀ 'ਚ ਪਿੰਜੌਰ ਦੇ ਵਪਾਰੀ ਵਰਗ ਦੇ ਪਰਿਵਾਰ 'ਚੋਂ ਵਿਜੈ ਗੁਪਤਾ ਦੀ ਪਤਨੀ ਸੀਮਾ ਰਾਣੀ (52) ਦਾ ਦੇਹਾਂਤ ਹੋ ਗਿਆ ਸੀ ਅਤੇ ਹਿੰਦੂ ਰੀਤੀ ਰਿਵਾਜ਼ ਅਨੁਸਾਰ ਪਿੰਜੌਰ ਰਾਮਬਾਗ ਦੇ ਸਮਸ਼ਾਨਘਾਟ 'ਚ 26 ਮਾਰਚ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਉਸ ਤੋਂ ਅਗਲੇ ਹੀ ਦਿਨ ਸਵਰਗਵਾਸੀ ਸੀਮਾ ਰਾਣੀ ਦੀਆਂ ਅਸਥੀਆਂ ਗੰਗਾ 'ਚ ਪ੍ਰਵਾਹ ਕਰਨ ਲਈ ਪਰਿਵਾਰਿਕ ਮੈਂਬਰ ਹਰਿਦੁਆਰ ਲਈ ਰਵਾਨਾ ਹੋਏ ਪਰ ਲਾਕਡਾਊਨ ਹੋਣ ਕਾਰਨ ਜਿਵੇਂ ਹੀ ਯੁਮਨਾਨਗਰ ਪਹੁੰਚੇ ਤਾਂ ਉਨ੍ਹਾਂ ਨੂੰ ਯੂ.ਪੀ. ਸਰਹੱਦ 'ਤੇ ਹੀ ਰੋਕ ਦਿੱਤਾ ਗਿਆ, ਜਿੱਥੇ ਮਜ਼ਬੂਰ ਹੋਏ ਪਰਿਵਾਰ ਨੂੰ ਯੁਮਨਾ 'ਚ ਹੀ ਅਸਥੀਆ ਪ੍ਰਵਾਹ ਕਰਨੀਆਂ ਪਈਆਂ।
ਦੱਸਣਯੋਗ ਹੈ ਕਿ ਇਸ ਤੋਂ ਬਾਅਦ 28 ਮਾਰਚ ਨੂੰ ਸ਼ਹਿਰ ਦੇ ਰਾਜੇਂਦਰ ਪ੍ਰਸਾਦ ਸ਼ਾਸ਼ਤਰੀ ਦੀ ਅਚਾਨਕ ਮੌਤ ਹੋ ਜਾਣ ਨਾਲ ਉਨ੍ਹਾਂ ਦੀਆਂ ਅਸਥੀਆਂ ਪਿੰਜੌਰ ਰਾਮਬਾਗ ਦੇ ਸ਼ਮਸ਼ਾਨ ਘਾਟ 'ਚ ਬਣੇ ਕਮਰੇ ਅਲਮਾਰੀ ਬਾਕਸ 'ਚ ਰੱਖੀਆਂ ਗਈਆਂ ਹਨ। ਇਸ ਤਰ੍ਹਾਂ ਸ਼ਹਿਰ ਦੇ ਮਸ਼ਹੂਰ ਜਨਰਲ ਸਟੋਰ ਦੇ ਮਾਲਕ ਬਾਨੂੰ ਰਾਮ (84) ਦੀਆਂ ਅਸਥੀਆਂ ਵੀ ਲਾਕਡਾਊਨ ਦੀ ਸਥਿਤੀ ਨੂੰ ਦੇਖਦੇ ਹੋਏ ਰਾਮਬਾਗ 'ਚ ਹੀ ਰੱਖੀਆਂ ਹੋਈਆਂ ਹਨ।