ਮਹਾਰਾਸ਼ਟਰ ’ਚ ਭਾਜਪਾ ਅਤੇ ਰਾਕਾਂਪਾ ਵਿਚਾਲੇ ਪਕ ਰਹੀ ਸਿਆਸੀ ਖਿਚੜੀ?

Monday, Mar 29, 2021 - 11:52 AM (IST)

ਮਹਾਰਾਸ਼ਟਰ ’ਚ ਭਾਜਪਾ ਅਤੇ ਰਾਕਾਂਪਾ ਵਿਚਾਲੇ ਪਕ ਰਹੀ ਸਿਆਸੀ ਖਿਚੜੀ?

ਨਵੀਂ ਦਿੱਲੀ– ਮਹਾਰਾਸ਼ਟਰ ਸਰਕਾਰ ’ਚ ਤਰੇੜ ਦਰਮਿਆਨ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵਿਚਾਲੇ ਕੁਝ ਸਿਆਸੀ ਖਿਚੜੀ ਪਕ ਰਹੀ ਹੈ? ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ ਨਾਲ ਮੁਲਾਕਾਤ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੁੱਛੇ ਗਏ ਸਵਾਲ ਦੇ ਜਵਾਬ ਨਾਲ ਭੇਤ ਡੂੰਘਾ ਹੋ ਗਿਆ ਹੈ। ਅਮਿਤ ਸ਼ਾਹ ਵੱਲੋਂ ਐਤਵਾਰ ਨੂੰ ਜਦੋਂ ਇਸ ਮੁਲਾਕਾਤ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਭ ਕੁੱਝ ਜਨਤਕ ਨਹੀਂ ਕਰ ਸਕਦੇ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਜਵਾਬ ਨਾਲ ਅਟਕਲਾਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਮੁਲਾਕਾਤ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ। ਅਜਿਹੇ ’ਚ ਹੁਣ ਇਸ ’ਤੇ ਭੇਤ ਡੂੰਘਾ ਹੋ ਗਿਆ ਹੈ ਕਿ ਤਿੰਨਾਂ ਨੇਤਾਵਾਂ ਦੀ ਮੁਲਾਕਾਤ ’ਚ ਅਖੀਰ ਕੀ ਗੱਲ ਹੋਈ ਹੈ? ਬੈਠਕ ਦਾ ਏਜੰਡਾ ਕੀ ਸੀ? ਗ੍ਰਹਿ ਮੰਤਰੀ ਕੋਲੋਂ ਪ੍ਰੈੱਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਸੀ ਕਿ ਕੱਲ ਤੁਸੀਂ ਅਹਿਮਦਾਬਾਦ ’ਚ ਸੀ, ਮੀਡਿੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਪਵਾਰ ਅਤੇ ਪ੍ਰਫੁੱਲ ਪਟੇਲ ਨਾਲ ਮੁਲਾਕਾਤ ਹੋਈ ਹੈ? ਗ੍ਰਹਿ ਮੰਤਰੀ ਨੇ ਚਿਹਰੇ ’ਤੇ ਮੁਸਕਾਨ ਨਾਲ ਕਿਹਾ, ‘‘ਸਭ ਚੀਜਾਂ ਜਨਤਕ ਨਹੀਂ ਹੁੰਦੀਆਂ।’’

ਇਕ ਗੁਜਰਾਤੀ ਅਖਬਾਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਦੱਸਿਆ ਗਿਆ ਹੈ ਕਿ ਇਕ ਬਿਜਨੈੱਸਮੈਨ ਦੇ ਫ਼ਾਰਮ ਹਾਊਸ ’ਚ ਤਿੰਨਾਂ ਨੇਤਾਵਾਂ ਦੀ ਬੈਠਕ ਹੋਈ। ਰਿਪੋਰਟ ਇਹ ਵੀ ਦਾਅਵਾ ਕਰਦੀ ਹੈ ਕਿ ਪਵਾਰ ਨੇ ਯਾਤਰਾ ਲਈ ਇਕ ਨਿੱਜੀ ਜੈੱਟ ਦੀ ਵਰਤੋਂ ਕੀਤੀ। ਤਿੰਨਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ’ਤੇ ਹੋਈ ਹੈ ਜਦੋਂ ਮਹਾਰਾਸ਼ਟਰ ਦੀ ਗਠਜੋੜ ਸਰਕਾਰ ’ਚ ਫੁੱਟ ਨਜ਼ਰ ਆ ਰਹੀ ਹੈ। ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਸ਼ਿਵਸੈਨਾ ਅਤੇ ਰਾਕਾਂਪਾ ’ਚ ਟਕਰਾਅ ਚੱਲ ਰਿਹਾ ਹੈ।


author

Rakesh

Content Editor

Related News